ਦਿੱਲੀ ਵਾਸੀਆਂ ਲਈ ਰਾਹਤ! ਪ੍ਰਦੂਸ਼ਣ ਦੇ ਪੱਧਰ ਵਿੱਚ ਕਮੀ ਆਉਣ ‘ਤੇ ਹਟਾਈਆਂ GRAP-3 ਪਾਬੰਦੀਆਂ
ਨਵੀ ਦਿੱਲੀ, 17 ਨਵੰਬਰ (ਵਿਸ਼ਵ ਵਾਰਤਾ) – ਦਿੱਲੀ ਵਾਸੀਆਂ ਲਈ ਇੱਕ ਹਲਕੀ ਰਾਹਤ ਦੀ ਖ਼ਬਰ ਹੈ। ਹਵਾ ਵਿੱਚ ਪ੍ਰਦੂਸ਼ਣ ਦੀ ਮਾਤਰਾ ਘੱਟ ਹੁੰਦੇ ਹੀ CAQM (ਹਵਾ ਗੁਣਵੱਤਾ ਪ੍ਰਬੰਧਨ ਕਮਿਸ਼ਨ) ਨੇ ਗ੍ਰੈਪ-3 (GRAP-3) ਦੀਆਂ ਪਾਬੰਦੀਆਂ ਨੂੰ ਹਟਾ ਲਿਆ ਹੈ। ਦਰਅਸਲ ਮੰਗਲਵਾਰ ਨੂੰ ਪ੍ਰਦੂਸ਼ਣ ਦਾ ਪੱਧਰ ਨਵੰਬਰ ਮਹੀਨੇ ਵਿੱਚ ਹੁਣ ਤੱਕ ਦਾ ਸਭ ਤੋਂ ਘੱਟ ਦਰਜ ਕੀਤਾ ਗਿਆ। ਮੰਗਲਵਾਰ ਸ਼ਾਮ ਤਕ ਸ਼ਹਿਰ ਵਿੱਚ AQI (ਹਵਾ ਗੁਣਵੱਤਾ ਸੂਚਕ ਅੰਕ) ਦਾ ਪੱਧਰ 204 ਦਰਜ ਕੀਤਾ ਗਿਆ। ਇਹ ਅਜੇ ਵੀ ‘ਖ਼ਰਾਬ’ ਸ਼੍ਰੇਣੀ ਵਿੱਚ ਹੈ, ਪਰ ਇਸ ਮਹੀਨੇ ਸਭ ਤੋਂ ਘੱਟ ਹੈ। GRAP ਦੇ ਪੜਾਅ I ਅਤੇ II ਅਧੀਨ ਸਾਰੇ ਉਪਾਅ, ਅਤੇ ਨਾਲ ਹੀ 30.10.2026 ਦੇ ਹੁਕਮਾਂ ਅਨੁਸਾਰ ਲਗਾਈਆਂ ਗਈਆਂ ਪਾਬੰਦੀਆਂ, ਲਾਗੂ ਰਹਿਣਗੀਆਂ।
ਹੁਣ ਕਿਹੜੀਆਂ ਪਾਬੰਦੀਆਂ ਲਾਗੂ ਰਹਿਣਗੀਆਂ?
ਹਸਪਤਾਲਾਂ, ਰੇਲਵੇ, ਹਵਾਈ ਅੱਡਿਆਂ ਅਤੇ ਐਮਰਜੈਂਸੀ ਸੇਵਾਵਾਂ ਨੂੰ ਛੱਡ ਕੇ ਪੂਰੇ ਐਨ.ਸੀ.ਆਰ. (NCR) ਵਿੱਚ ਡੀਜ਼ਲ ਜਨਰੇਟਰ ਸੈੱਟਾਂ ‘ਤੇ ਰੋਕ ਲੱਗੀ ਰਹੇਗੀ।
ਸਿਰਫ਼ ਗੈਸ, ਪੀ.ਐਨ.ਜੀ. (PNG), ਐਲ.ਪੀ.ਜੀ. (LPG) ਜਾਂ ਬਾਇਓਗੈਸ ਜਨਰੇਟਰ ਹੀ ਚਲਾਏ ਜਾ ਸਕਦੇ ਹਨ।
ਹੋਟਲਾਂ, ਢਾਬਿਆਂ ਅਤੇ ਰੈਸਟੋਰੈਂਟਾਂ ਦੇ ਤੰਦੂਰਾਂ ਵਿੱਚ ਕੋਲੇ ਅਤੇ ਸੁੱਕੀ ਲੱਕੜ ਦੀ ਵਰਤੋਂ ‘ਤੇ ਪਾਬੰਦੀ ਜਾਰੀ ਰਹੇਗੀ।
ਸਿਰਫ਼ ਗੈਸ ਜਾਂ ਇਲੈਕਟ੍ਰਿਕ ਤੰਦੂਰ ਦੀ ਹੀ ਵਰਤੋਂ ਹੋਵੇਗੀ।
ਨਗਰ ਨਿਗਮ ਵੱਲੋਂ ਖੁੱਲ੍ਹੇ ਵਿੱਚ ਠੋਸ ਕੂੜਾ, ਸੁੱਕੇ ਪੱਤੇ ਅਤੇ ਪਲਾਸਟਿਕ ਸਾੜਨ ‘ਤੇ ਪੂਰੀ ਤਰ੍ਹਾਂ ਰੋਕ ਰਹੇਗੀ, ਫੜੇ ਜਾਣ ‘ਤੇ ਭਾਰੀ ਜੁਰਮਾਨਾ ਲੱਗੇਗਾ।























