Entertainment: ਫਿਲਮ ‘ਰਾਮਾਇਣ’ ਕਮਾਈ ‘ਚ ਸਭ ਤੋਂ ਤੇਜ਼ 1,400 ਕਰੋੜ ਦਾ ਅੰਕੜਾ ਪਾਰ ਕਰਨ ਵਾਲੀ ਭਾਰਤੀ ਫਿਲਮ ਬਣੀ
ਚੰਡੀਗੜ੍ਹ, 17 ਨਵੰਬਰ 2026 (ਵਿਸ਼ਵ ਵਾਰਤਾ): ਨਿਤੇਸ਼ ਤਿਵਾੜੀ ਦੇ ਨਿਰਦੇਸ਼ਨ ਹੇਠ ਬਣੀ ਫਿਲਮ ‘ਰਾਮਾਇਣ’ ਬਾਕਸ ਆਫਿਸ ’ਤੇ ਨਵੇਂ ਰਿਕਾਰਡ ਬਣਾ ਰਹੀ ਹੈ। ਫਿਲਮ ਨੇ ਸਿਰਫ਼ 12 ਦਿਨਾਂ ਵਿੱਚ ਦੁਨੀਆ ਭਰ ’ਚ 1,437.25 ਕਰੋੜ ਰੁਪਏ ਦੀ ਕੁੱਲ ਕਮਾਈ ਕਰ ਲਈ ਹੈ। ਸੈਕਨਿਲਕ ਦੇ ਅੰਕੜਿਆਂ ਮੁਤਾਬਕ ਇਹ ਦੁਨੀਆ ਭਰ ਵਿੱਚ ਸਭ ਤੋਂ ਘੱਟ ਸਮੇਂ ਦੌਰਾਨ 1,400 ਕਰੋੜ ਰੁਪਏ ਦਾ ਅੰਕੜਾ ਪਾਰ ਕਰਨ ਵਾਲੀ ਭਾਰਤੀ ਫਿਲਮ ਬਣ ਗਈ ਹੈ।
ਇਸ ਕਮਾਈ ਨਾਲ ‘ਰਾਮਾਇਣ’ ਭਾਰਤ ਦੀਆਂ ਸਭ ਤੋਂ ਵੱਧ ਕਮਾਈ ਕਰਨ ਵਾਲੀਆਂ ਫਿਲਮਾਂ ਦੀ ਸੂਚੀ ਵਿੱਚ ਪੰਜਵੇਂ ਸਥਾਨ ’ਤੇ ਪਹੁੰਚ ਗਈ ਹੈ। ਫਿਲਮ ਨੇ ‘ਧੁਰੰਧਰ’, ‘RRR’ ਅਤੇ ‘KGF ਚੈਪਟਰ-2’ ਦੀ ਲਾਈਫਟਾਈਮ ਕਮਾਈ ਨੂੰ ਪਿੱਛੇ ਛੱਡ ਦਿੱਤਾ ਹੈ। ਹੁਣ ਇਸ ਦਾ ਅਗਲਾ ਨਿਸ਼ਾਨਾ ਚੌਥੇ ਸਥਾਨ ’ਤੇ ਮੌਜੂਦ ‘ਪੁਸ਼ਪਾ-2’ ਹੈ। ਹਾਲਾਂਕਿ, ਦੋਵਾਂ ਫਿਲਮਾਂ ਦੀ ਕਮਾਈ ਵਿਚਾਲੇ ਅਜੇ 304.85 ਕਰੋੜ ਰੁਪਏ ਦਾ ਫਰਕ ਹੈ।
ਸੈਕਨਿਲਕ ਦੇ ਅੰਕੜਿਆਂ ਅਨੁਸਾਰ ਫਿਲਮ ਨੇ ਭਾਰਤ ਵਿੱਚ 947.25 ਕਰੋੜ ਰੁਪਏ ਦਾ ਗ੍ਰਾਸ ਕਲੈਕਸ਼ਨ ਕੀਤਾ ਹੈ, ਜਦਕਿ ਵਿਦੇਸ਼ਾਂ ਤੋਂ 490 ਕਰੋੜ ਰੁਪਏ ਦੀ ਕਮਾਈ ਹੋਈ ਹੈ। ਇਸ ਤਰ੍ਹਾਂ ਦੁਨੀਆ ਭਰ ਵਿੱਚ ਕੁੱਲ ਕਮਾਈ 1,437.25 ਕਰੋੜ ਰੁਪਏ ਹੋ ਗਈ ਹੈ। ਭਾਰਤ ਵਿੱਚ ਫਿਲਮ ਦਾ ਨੈੱਟ ਕਲੈਕਸ਼ਨ 792.60 ਕਰੋੜ ਰੁਪਏ ਦਰਜ ਕੀਤਾ ਗਿਆ ਹੈ।
ਦੀਵਾਲੀ ਦੀਆਂ ਛੁੱਟੀਆਂ ਖ਼ਤਮ ਹੋਣ ਤੋਂ ਬਾਅਦ ਫਿਲਮ ਦੀ ਕਮਾਈ ਵਿੱਚ ਗਿਰਾਵਟ ਦੇਖਣ ਨੂੰ ਮਿਲੀ ਹੈ। ਦੂਜੇ ਵੀਕੈਂਡ ਦੌਰਾਨ ਚੰਗਾ ਪ੍ਰਦਰਸ਼ਨ ਕਰਦਿਆਂ ਫਿਲਮ ਨੇ 11ਵੇਂ ਦਿਨ, ਯਾਨੀ ਦੂਜੇ ਐਤਵਾਰ ਨੂੰ ਭਾਰਤ ਵਿੱਚ 75 ਕਰੋੜ ਰੁਪਏ ਦਾ ਨੈੱਟ ਕਲੈਕਸ਼ਨ ਕੀਤਾ ਸੀ। ਪਰ 12ਵੇਂ ਦਿਨ ਦੂਜੇ ਸੋਮਵਾਰ ਨੂੰ ਫਿਲਮ ਦੀ ਕਮਾਈ ਘਟ ਕੇ 32 ਕਰੋੜ ਰੁਪਏ ਰਹਿ ਗਈ। ਇਹ ਪਿਛਲੇ ਦਿਨ ਦੇ ਮੁਕਾਬਲੇ ਕਰੀਬ 57 ਫੀਸਦੀ ਦੀ ਗਿਰਾਵਟ ਹੈ।























