ਰੇਵਾੜੀ, 15 ਨਵੰਬਰ (ਵਿਸ਼ਵ ਵਾਰਤਾ) – ਹਰਿਆਣਾ ਦੇ ਰੇਵਾੜੀ ਵਿੱਚ ਦਿੱਲੀ-ਜੈਪੁਰ ਨੈਸ਼ਨਲ ਹਾਈਵੇਅ ‘ਤੇ ਇੱਕ ਦਰਦਨਾਕ ਹਾਦਸਾ ਵਾਪਰਿਆ, ਜਿਸ ਵਿੱਚ ਛੋਲਿਆਂ ਨਾਲ ਲੱਦਿਆ ਇੱਕ ਟਰੱਕ ਕਾਰ ‘ਤੇ ਪਲਟ ਗਿਆ। ਇਸ ਹਾਦਸੇ ਵਿੱਚ ਇੱਕ ਪਰਿਵਾਰ ਦੇ ਚਾਰ ਮੈਂਬਰਾਂ ਦੀ ਮੌਤ ਹੋ ਗਈ, ਜਦਕਿ ਪੰਜ ਸਾਲਾ ਬੱਚਾ ਜ਼ਖ਼ਮੀ ਹੋ ਗਿਆ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ।
ਇਹ ਹਾਦਸਾ ਸ਼ਨੀਵਾਰ ਦੇਰ ਰਾਤ ਬਾਵਲ ਦੇ ਬਾਨੀਪੁਰ ਚੌਕ ਨੇੜੇ ਵਾਰਿਆ।
ਜਦੋਂ ਕਾਰ ਰਾਤ ਕਰੀਬ 11:30 ਵਜੇ ਬਾਵਲ ਵਿੱਚ ਦਿੱਲੀ-ਜੈਪੁਰ ਹਾਈਵੇਅ ‘ਤੇ ਬਾਨੀਪੁਰ ਚੌਕ ਨੇੜੇ ਫਲਾਈਓਵਰ ਕੋਲ ਪਹੁੰਚੀ, ਤਾਂ ਛੋਲਿਆਂ ਨਾਲ ਲੱਦਿਆ ਇੱਕ ਟਰੱਕ ਬੇਕਾਬੂ ਹੋ ਕੇ ਕਾਰ ‘ਤੇ ਪਲਟ ਗਿਆ।
ਮੌਕੇ ‘ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਟਰੱਕ ਚਾਲਕ ਬਹੁਤ ਤੇਜ਼ ਰਫ਼ਤਾਰ ਨਾਲ ਗੱਡੀ ਚਲਾ ਰਿਹਾ ਸੀ। ਟਰੱਕ ਪਹਿਲਾਂ ਇੱਕ ਹੋਰ ਵਾਹਨ ਨਾਲ ਟਕਰਾਇਆ ਅਤੇ ਫਿਰ ਕਾਰ ‘ਤੇ ਜਾ ਡਿੱਗਿਆ।
ਅਧਿਕਾਰੀਆਂ ਮੁਤਾਬਕ, ਹਾਦਸਾ ਇੰਨਾ ਭਿਆਨਕ ਸੀ ਕਿ ਕਾਰ ਪੂਰੀ ਤਰ੍ਹਾਂ ਟਰੱਕ ਹੇਠਾਂ ਕੁਚਲੀ ਗਈ ਅਤੇ ਅੰਦਰ ਸਵਾਰ ਲੋਕ ਫਸ ਗਏ। ਦੋ ਵਿਅਕਤੀਆਂ ਦੀ ਮੌਕੇ ‘ਤੇ ਹੀ ਮੌਤ ਹੋ ਗਈ।
ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਫਸੇ ਹੋਏ ਲੋਕਾਂ ਨੂੰ ਬਾਹਰ ਕੱਢਣ ਲਈ ਬਚਾਅ ਕਾਰਜ ਸ਼ੁਰੂ ਕੀਤਾ। ਉਨ੍ਹਾਂ ਨੂੰ ਬਾਹਰ ਕੱਢਣ ਲਈ ਕਾਰ ਦੀਆਂ ਖਿੜਕੀਆਂ ਕੱਟਣੀਆਂ ਪਈਆਂ।
ਜ਼ਖ਼ਮੀਆਂ ਨੂੰ ਸਿਵਲ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਦੋ ਵਿਅਕਤੀਆਂ ਨੂੰ ਮ੍ਰਿਤਕ ਐਲਾਨ ਦਿੱਤਾ। ਬਾਅਦ ਵਿੱਚ ਦੋ ਹੋਰ ਵਿਅਕਤੀਆਂ ਨੇ ਵੀ ਜ਼ਖ਼ਮਾਂ ਦੀ ਤਾਬ ਨਾ ਝੱਲਦਿਆਂ ਦਮ ਤੋੜ ਦਿੱਤਾ। ਜ਼ਖ਼ਮੀ ਪੰਜ ਸਾਲਾ ਬੱਚੇ ਦਾ ਇਲਾਜ ਚੱਲ ਰਿਹਾ ਹੈ।
ਮ੍ਰਿਤਕਾਂ ਦੀ ਪਛਾਣ ਦੀਪਕ, ਸਰਿਤਾ, ਨਿਤਿਨ ਅਤੇ ਦਿਵਿਆ ਵਜੋਂ ਹੋਈ ਹੈ।
ਦੀਪਕ, ਜੋ ਰਾਜਸਥਾਨ ਦੇ ਬਾਨਪੁਰ (ਅਲੂਵਾਲੀ ਖੇਤਰ) ਦੇ ਭੋਲਾਵਾਸ ਪਿੰਡ ਦਾ ਰਹਿਣ ਵਾਲਾ ਸੀ, ਆਪਣੇ ਪਰਿਵਾਰ ਨਾਲ ਦਿੱਲੀ ਵਿੱਚ ਰਹਿੰਦਾ ਸੀ। ਪਰਿਵਾਰ ਹਾਲ ਹੀ ਵਿੱਚ ਆਪਣੇ ਜੱਦੀ ਪਿੰਡ ਗਿਆ ਹੋਇਆ ਸੀ। ਸ਼ਨੀਵਾਰ ਨੂੰ ਜਦੋਂ ਉਹ ਆਪਣੀ ਕਾਰ ਵਿੱਚ ਵਾਪਸ ਦਿੱਲੀ ਦੇ ਦਵਾਰਕਾ ਇਲਾਕੇ ਵੱਲ ਪਰਤ ਰਹੇ ਸਨ, ਤਾਂ ਇਹ ਦਰਦਨਾਕ ਹਾਦਸਾ ਵਾਪਰ ਗਿਆ।























