International: ਚੀਨੀ ਔਰਤ ਨਾਲ ਅਫੇਅਰ ਦੇ ਵਿਵਾਦ ਵਿਚਕਾਰ Nvidia ਦੇ CEO ਨੇ ਦਿੱਤਾ ਅਸਤੀਫਾ
ਨਵੀਂ ਦਿੱਲੀ, 13 ਨਵੰਬਰ (ਵਿਸ਼ਵ ਵਾਰਤਾ): ਦੁਨੀਆ ਦੀ ਪ੍ਰਮੁੱਖ AI ਚਿੱਪ ਨਿਰਮਾਤਾ ਕੰਪਨੀ Nvidia ਨੂੰ ਲੈ ਕੇ ਵੱਡੀ ਖ਼ਬਰ ਸਾਹਮਣੇ ਆਈ ਹੈ। ਕੰਪਨੀ ਦੇ CEO ਜੇਨਸਨ ਹੁਆਂਗ ਵੱਲੋਂ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਗਿਆ ਹੈ। ਉਨ੍ਹਾਂ ’ਤੇ ਚੀਨੀ ਜਾਸੂਸੀ ਏਜੰਟ ਨਾਲ ਨੇੜਲੇ ਸਬੰਧ ਹੋਣ ਦੇ ਦੋਸ਼ ਲੱਗੇ ਹਨ। ਉਨ੍ਹਾਂ ਦੀ ਥਾਂ ਕੰਪਨੀ ਦੀ ਮੌਜੂਦਾ ਮੁੱਖ ਵਿੱਤੀ ਅਧਿਕਾਰੀ (CFO) ਅਤੇ ਐਗਜ਼ੀਕਿਊਟਿਵ ਵਾਈਸ ਪ੍ਰੈਜ਼ੀਡੈਂਟ ਕੋਲੇਟ ਕ੍ਰੇਸ ਨੂੰ ਅੰਤਰਿਮ CEO ਦੀ ਜ਼ਿੰਮੇਵਾਰੀ ਸੌਂਪੇ ਜਾਣ ਦੀ ਜਾਣਕਾਰੀ ਦਿੱਤੀ ਗਈ ਹੈ।
ਦੱਸਿਆ ਜਾ ਰਿਹਾ ਹੈ ਕਿ 29 ਅਕਤੂਬਰ ਨੂੰ ਪ੍ਰਕਾਸ਼ਿਤ ‘ਦ ਨਿਊਯਾਰਕ ਟਾਈਮਜ਼’ ਦੀ ਇੱਕ ਰਿਪੋਰਟ ਵਿੱਚ ਜੇਨਸਨ ਹੁਆਂਗ ਅਤੇ ਐਲਿਸ ਨਾਂ ਦੀ ਮਹਿਲਾ ਵਿਚਾਲੇ ਹੋਈਆਂ ਨਜ਼ਦੀਕੀ ਮੁਲਾਕਾਤਾਂ ਦਾ ਜ਼ਿਕਰ ਕੀਤਾ ਗਿਆ ਸੀ। ਰਿਪੋਰਟ ਅਨੁਸਾਰ, ਐਲਿਸ ਸਿੰਗਾਪੁਰ ਦੀ ਕੰਪਨੀ ਮੇਗਾਸਪੀਡ ਦੀ ਸਾਬਕਾ ਅਧਿਕਾਰੀ ਰਹਿ ਚੁੱਕੀ ਹੈ ਅਤੇ ਉਸ ਦੇ ਚੀਨ ਦੀ ਖੁਫੀਆ ਏਜੰਸੀ ਲਈ ਕੰਮ ਕਰਨ ਦੇ ਦਾਅਵੇ ਕੀਤੇ ਗਏ ਹਨ। ਇਸ ਮਾਮਲੇ ਦੇ ਸਾਹਮਣੇ ਆਉਣ ਤੋਂ ਬਾਅਦ Nvidia ਦੀ ਮਾਰਕੀਟ ਵੈਲਿਊ ਵਿੱਚ ਕਰੀਬ 27 ਲੱਖ ਕਰੋੜ ਰੁਪਏ ਦੀ ਕਮੀ ਆਉਣ ਦਾ ਵੀ ਦਾਅਵਾ ਕੀਤਾ ਗਿਆ ਹੈ।
ਕੰਪਨੀ ਦੀ ਅੰਤਰਿਮ CEO ਬਣਾਈ ਗਈ ਕੋਲੇਟ ਕ੍ਰੇਸ 2013 ਤੋਂ Nvidia ਨਾਲ ਜੁੜੀ ਹੋਈ ਹੈ। ਉਹ ਹੁਣ ਤੱਕ ਕੰਪਨੀ ਵਿੱਚ ਮੁੱਖ ਵਿੱਤੀ ਅਧਿਕਾਰੀ ਵਜੋਂ ਕੰਮ ਕਰ ਰਹੀ ਸੀ। Nvidia ਵਿੱਚ ਸ਼ਾਮਲ ਹੋਣ ਤੋਂ ਪਹਿਲਾਂ ਉਹ ਮਾਈਕ੍ਰੋਸਾਫਟ ਅਤੇ ਸਿਸਕੋ ਵਰਗੀਆਂ ਵੱਡੀਆਂ ਤਕਨੀਕੀ ਕੰਪਨੀਆਂ ਵਿੱਚ ਵੀ ਅਹਿਮ ਅਹੁਦਿਆਂ ’ਤੇ ਰਹਿ ਚੁੱਕੀ ਹੈ।























