Chhath Puja 2026: ਕੱਲ੍ਹ ਤੋਂ ਸ਼ੁਰੂ ਹੋਵੇਗਾ ਚਾਰ ਰੋਜ਼ਾ ਛੱਠ ਪੂਜਾ ਦਾ ਤਿਉਹਾਰ
– ਘਰਾਂ ਤੋਂ ਲੈ ਕੇ ਬਾਜ਼ਾਰਾਂ ਤੇ ਛੱਠ ਘਾਟਾਂ ਤੱਕ ਤਿਆਰੀਆਂ ਤੇਜ਼
ਚੰਡੀਗੜ੍ਹ, 12 ਨਵੰਬਰ (ਵਿਸ਼ਵ ਵਾਰਤਾ): ਲੋਕ ਆਸਥਾ ਦਾ ਪ੍ਰਸਿੱਧ ਚਾਰ ਰੋਜ਼ਾ ਮਹਾਪਰਵ ਡਾਲਾ ਛੱਠ 13 ਨਵੰਬਰ 2026, ਸ਼ੁੱਕਰਵਾਰ ਤੋਂ ਨਾਹਾਏ-ਖਾਏ ਦੀ ਰਸਮ ਨਾਲ ਸ਼ੁਰੂ ਹੋਵੇਗਾ। ਤਿਉਹਾਰ ਨੂੰ ਲੈ ਕੇ ਘਰਾਂ, ਬਾਜ਼ਾਰਾਂ ਅਤੇ ਛੱਠ ਘਾਟਾਂ ’ਤੇ ਤਿਆਰੀਆਂ ਜ਼ੋਰਾਂ ’ਤੇ ਚੱਲ ਰਹੀਆਂ ਹਨ। ਛੱਠ ਪੂਜਾ ਦੀਆਂ ਤਿਆਰੀਆਂ ਦੇ ਮੱਦੇਨਜ਼ਰ ਬਾਜ਼ਾਰਾਂ ਵਿੱਚ ਪੂਜਾ ਸਮੱਗਰੀ, ਫਲਾਂ, ਬਾਂਸ ਦੇ ਸੂਪ ਅਤੇ ਦਉਰਾ ਦੀ ਖਰੀਦਦਾਰੀ ਲਈ ਲੋਕਾਂ ਦੀ ਭੀੜ ਵਧਣ ਲੱਗੀ ਹੈ। ਸ਼ਹਿਰ ਦੀਆਂ ਮੁੱਖ ਸੜਕਾਂ ’ਤੇ ਵੀ ਤਿਉਹਾਰ ਨੂੰ ਲੈ ਕੇ ਰੌਣਕ ਦੇਖਣ ਨੂੰ ਮਿਲ ਰਹੀ ਹੈ। ਇਸ ਦੇ ਨਾਲ ਹੀ ਲੋਕ ਘਰਾਂ ਅਤੇ ਵਿਹੜਿਆਂ ਦੀ ਸਫ਼ਾਈ ਕਰਨ ਦੇ ਨਾਲ-ਨਾਲ ਛੱਠ ਘਾਟਾਂ ਨੂੰ ਸਾਫ਼-ਸੁਥਰਾ ਬਣਾਉਣ ਵਿੱਚ ਜੁਟੇ ਹੋਏ ਹਨ।
ਚਾਰ ਦਿਨਾਂ ਤੱਕ ਚੱਲਣ ਵਾਲੇ ਇਸ ਔਖੇ ਵਰਤ ਦੀ ਸ਼ੁਰੂਆਤ 13 ਨਵੰਬਰ ਨੂੰ ਨਾਹਾਏ-ਖਾਏ ਨਾਲ ਹੋਵੇਗੀ। ਇਸ ਦਿਨ ਵਰਤ ਰੱਖਣ ਵਾਲੀਆਂ ਔਰਤਾਂ ਇਸ਼ਨਾਨ ਕਰਕੇ ਸ਼ੁੱਧਤਾ ਨਾਲ ਵਰਤ ਦਾ ਸੰਕਲਪ ਲੈਣਗੀਆਂ ਅਤੇ ਸਾਤਵਿਕ ਭੋਜਨ ਗ੍ਰਹਿਣ ਕਰਨਗੀਆਂ। ਇਸ ਤੋਂ ਬਾਅਦ 14 ਨਵੰਬਰ, ਸ਼ਨੀਵਾਰ ਨੂੰ ਖਰਨਾ ਮਨਾਇਆ ਜਾਵੇਗਾ। ਇਸ ਦਿਨ ਵਰਤ ਰੱਖਣ ਵਾਲੀਆਂ ਔਰਤਾਂ ਪੂਰਾ ਦਿਨ ਵਰਤ ਰੱਖਣ ਤੋਂ ਬਾਅਦ ਸ਼ਾਮ ਨੂੰ ਪੂਜਾ ਕਰਨਗੀਆਂ ਅਤੇ ਗੁੜ ਦੀ ਖੀਰ ਤੇ ਰੋਟੀ ਸਮੇਤ ਰਵਾਇਤੀ ਪ੍ਰਸ਼ਾਦ ਗ੍ਰਹਿਣ ਕਰਨਗੀਆਂ। ਖਰਨਾ ਦੀ ਰਸਮ ਤੋਂ ਬਾਅਦ 36 ਘੰਟਿਆਂ ਦਾ ਨਿਰਜਲਾ ਵਰਤ ਸ਼ੁਰੂ ਹੋ ਜਾਵੇਗਾ।
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਬੀਤੇ ਦਿਨ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਨੂੰ ਆਉਣ ਵਾਲੇ ਪਵਿੱਤਰ ਤਿਉਹਾਰ ਛੱਠ ਪੂਜਾ ਲਈ ਸੂਬੇ ਭਰ ਵਿੱਚ ਸ਼ਨਾਖਤ ਕੀਤੇ ਗਏ ਸਾਰੇ 104 ਸਥਾਨਾਂ ‘ਤੇ ਵਿਆਪਕ ਅਤੇ ਪੁਖ਼ਤਾ ਪ੍ਰਬੰਧ ਕਰਨ ਦੇ ਆਦੇਸ਼ ਦਿੱਤੇ ਹਨ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਹਰ ਸ਼ਰਧਾਲੂ ਦੀ ਸੁਰੱਖਿਆ ਅਤੇ ਸਹੂਲਤ ਸਰਕਾਰ ਦੀ ਸਭ ਤੋਂ ਪਹਿਲੀ ਪ੍ਰਮੁੱਖਤਾ ਰਹੇਗੀ। ਸੀਨੀਅਰ ਅਧਿਕਾਰੀਆਂ ਨਾਲ ਉੱਚ-ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਮੁੱਖ ਮੰਤਰੀ ਨੇ ਸਾਰੇ ਵਿਭਾਗਾਂ ਨੂੰ ਤਿਆਰੀਆਂ ਸਮੇਂ ਸਿਰ ਮੁਕੰਮਲ ਕਰਨ ਅਤੇ ਇਹ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਕਿ ਸ਼ਰਧਾਲੂ ਪੂਰੀ ਧਾਰਮਿਕ ਸ਼ਰਧਾ, ਉਤਸ਼ਾਹ ਅਤੇ ਅਮਨ-ਸ਼ਾਂਤੀ ਨਾਲ ਤਿਉਹਾਰ ਮਨਾਉਣ।























