ਸੋਨੀਆ ਗਾਂਧੀ ਨੇ ਕਿਤਾਬ ‘ਬਿਲੌਂਗਿੰਗ: ਏ ਜਰਨੀ ਆਫ਼ ਲਵ’ ‘ਚ ਆਪਣੇ ਪਹਿਲੇ ਬੱਚੇ ਨੂੰ ਖੋਹਣ ਦਾ ਦਰਦ ਕੀਤਾ ਸਾਂਝਾ
ਨਵੀ ਦਿੱਲੀ, 10 ਨਵੰਬਰ 2026 (ਵਿਸ਼ਵ ਵਾਰਤਾ): ਕਾਂਗਰਸ ਦੀ ਸਾਬਕਾ ਪ੍ਰਧਾਨ ਸੋਨੀਆ ਗਾਂਧੀ ਦੀ ਕਿਤਾਬ ‘ਬਿਲੌਂਗਿੰਗ: ਏ ਜਰਨੀ ਆਫ਼ ਲਵ’ ਬਿਨਾਂ ਕਿਸੇ ਲਾਂਚ ਈਵੈਂਟ ਦੇ 10 ਨਵੰਬਰ ਤੋਂ ਸਿੱਧੀ ਮਾਰਕੀਟ ਵਿੱਚ ਮਿਲਣ ਲੱਗ ਪਈ ਹੈ। ਹਾਰਪਰ ਕਾਲਿਨਜ਼ ਇੰਡੀਆ ਵੱਲੋਂ ਪ੍ਰਕਾਸ਼ਿਤ ਇਸ ਕਿਤਾਬ ਵਿੱਚ 544 ਪੰਨੇ ਅਤੇ 7 ਅਧਿਆਏ ਹਨ। ਪਹਿਲੇ ਐਡੀਸ਼ਨ ਵਿੱਚ ਇੱਕ ਲੱਖ ਕਾਪੀਆਂ ਛਾਪੀਆਂ ਗਈਆਂ ਹਨ।
ਕਿਤਾਬ ਦੇ ਕਵਰ ‘ਤੇ ਸੋਨੀਆ ਗਾਂਧੀ ਦੀ ਫ਼ੋਟੋ ਹੈ, ਜੋ 1966 ਵਿੱਚ ਰਾਜੀਵ ਗਾਂਧੀ ਨੇ ਖਿੱਚੀ ਸੀ। ਸ਼ੁਰੂਆਤੀ ਪੰਨੇ ‘ਤੇ ਲਿਖਿਆ ਹੈ – ਪੁੱਤਰ ਰਾਹੁਲ, ਧੀ ਪ੍ਰਿਅੰਕਾ ਅਤੇ ਦੋਹਤੇ-ਦੋਹਤੀਆਂ ਰੇਹਾਨ ਤੇ ਮਿਰਾਇਆ ਦੇ ਨਾਮ। ਸੋਨੀਆ ਗਾਂਧੀ ਨੇ ਇਸ ਨੂੰ ਯਾਦਾਂ ਦੱਸਦਿਆਂ ਕਿਹਾ ਹੈ ਕਿ ਇਹ ਕੋਈ ਸਿਆਸੀ ਕਿਤਾਬ ਨਹੀਂ ਹੈ।
ਇਸ ਤੋਂ ਇਲਾਵਾ ਕਾਂਗਰਸ ਦੀ ਸਾਬਕਾ ਪ੍ਰਧਾਨ ਸੋਨੀਆ ਗਾਂਧੀ ਨੇ ਕਿਤਾਬ ‘ਬਿਲੌਂਗਿੰਗ: ਏ ਜਰਨੀ ਆਫ਼ ਲਵ’ (Belonging: A Journey of Love) ਵਿੱਚ ਆਪਣੀ ਜ਼ਿੰਦਗੀ ਦੇ ਇੱਕ ਦਰਦਨਾਕ ਅਧਿਆਏ ਦਾ ਪਹਿਲੀ ਵਾਰ ਜਨਤਕ ਤੌਰ ‘ਤੇ ਖ਼ੁਲਾਸਾ ਕੀਤਾ ਹੈ।
ਉਨ੍ਹਾਂ ਨੇ ਜਨਵਰੀ 1969 ਵਿੱਚ ਆਪਣੇ ਪਹਿਲੇ ਬੱਚੇ ਨੂੰ ਖੋਹਣ ਦੇ ਦਰਦ ਨੂੰ ਸਾਂਝਾ ਕੀਤਾ ਹੈ। ਸੋਨੀਆ ਨੇ ਦੱਸਿਆ ਕਿ ਸਮੇਂ ਤੋਂ ਲਗਭਗ ਦੋ ਮਹੀਨੇ ਪਹਿਲਾਂ ਜਨਮੇ ਉਨ੍ਹਾਂ ਦੇ ਪੁੱਤਰ ਦੀ ਮਹਿਜ਼ ਇੱਕ ਦਿਨ ਬਾਅਦ ਮੌਤ ਹੋ ਗਈ ਸੀ। ਨਵਜੰਮੇ ਬੱਚੇ ਨੂੰ ਉਨ੍ਹਾਂ ਦੇ ਪਤੀ ਰਾਜੀਵ ਗਾਂਧੀ ਅਤੇ ਦਿਓਰ ਸੰਜੇ ਗਾਂਧੀ ਨੇ ਦਿੱਲੀ ਦੇ ਮਹਿਰੌਲੀ ਸਥਿਤ ਉਨ੍ਹਾਂ ਦੇ ਸਹੁਰੇ ਫ਼ਿਰੋਜ਼ ਗਾਂਧੀ ਦੇ ਫਾਰਮ ਹਾਊਸ ਵਿੱਚ ਦਫ਼ਨਾਇਆ ਸੀ।























