ਪ੍ਰਧਾਨ ਮੰਤਰੀ ਨੇ ਅਨੁਜ ਸ਼੍ਰੀਵਤਰੀ ਨੂੰ ਭਾਰਤ ਦਾ 100ਵਾਂ ਸ਼ਤਰੰਜ ਗ੍ਰੈਂਡਮਾਸਟਰ ਬਣਨ ’ਤੇ ਦਿੱਤੀ ਵਧਾਈ
ਨਵੀ ਦਿੱਲੀ, 10 ਨਵੰਬਰ 2026 (ਵਿਸ਼ਵ ਵਾਰਤਾ): ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਅਨੁਜ ਸ਼੍ਰੀਵਤਰੀ ਦੇ ਸ਼ਤਰੰਜ ਦਾ ਵੱਕਾਰੀ ਖ਼ਿਤਾਬ ਹਾਸਲ ਕਰਨ ਤੋਂ ਬਾਅਦ ਅੱਜ ਭਾਰਤ ਵਿੱਚ ਸ਼ਤਰੰਜ ਗ੍ਰੈਂਡਮਾਸਟਰਾਂ ਦੀ ਗਿਣਤੀ ਇੱਕ ਸੌ ਤੱਕ ਪਹੁੰਚਣ ਦੀ ਇਤਿਹਾਸਕ ਉਪਲਬਧੀ ਦੀ ਸ਼ਲਾਘਾ ਕੀਤੀ।

ਪ੍ਰਧਾਨ ਮੰਤਰੀ ਨੇ ਇਸ ਉਪਲਬਧੀ ਨੂੰ ਅਸਧਾਰਨ ਦੱਸਦਿਆਂ ਅਨੁਜ ਸ਼੍ਰੀਵਤਰੀ ਨੂੰ ਭਾਰਤ ਦਾ 100ਵਾਂ ਸ਼ਤਰੰਜ ਗ੍ਰੈਂਡਮਾਸਟਰ ਬਣਨ ’ਤੇ ਵਧਾਈ ਦਿੱਤੀ ਅਤੇ ਇਸ ਨੂੰ ਅਦਭੁਤ ਸਫਲਤਾ ਦੱਸਿਆ। ਉਨ੍ਹਾਂ ਨੇ ਕਿਹਾ ਕਿ ਭਾਰਤ ਦਾ 100 ਗ੍ਰੈਂਡਮਾਸਟਰਾਂ ਤੱਕ ਪਹੁੰਚਣਾ ਜ਼ਿਕਰਯੋਗ ਉਪਲਬਧੀ ਹੈ ਜੋ ਦੇਸ਼ ਦੇ ਖਿਡਾਰੀਆਂ ਦੀ ਅਪਾਰ ਪ੍ਰਤਿਭਾ, ਸਮਰਪਣ ਅਤੇ ਉਨ੍ਹਾਂ ਦੀ ਸਖ਼ਤ ਮਿਹਨਤ ਦੇ ਨਾਲ-ਨਾਲ ਨੌਜਵਾਨਾਂ ਵਿੱਚ ਸ਼ਤਰੰਜ ਦੀ ਵਧਦੀ ਪ੍ਰਸਿੱਧੀ ਨੂੰ ਦਰਸਾਉਂਦੀ ਹੈ।
ਪ੍ਰਧਾਨ ਮੰਤਰੀ ਨੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਉੱਭਰ ਰਹੀਆਂ ਨੌਜਵਾਨ ਸ਼ਤਰੰਜ ਪ੍ਰਤਿਭਾਵਾਂ ਨੂੰ ਆਲਮੀ ਮੰਚ ’ਤੇ ਆਪਣੀ ਪਛਾਣ ਬਣਾਉਂਦੇ ਹੋਏ ਦੇਖ ਕੇ ਖ਼ੁਸ਼ੀ ਪ੍ਰਗਟ ਕੀਤੀ ਅਤੇ ਉਮੀਦ ਜਤਾਈ ਹੈ ਕਿ ਇਹ ਉਪਲਬਧੀ ਕਈ ਹੋਰ ਨੌਜਵਾਨਾਂ ਨੂੰ ਸ਼ਤਰੰਜ ਅਪਣਾਉਣ ਅਤੇ ਉੱਤਮਤਾ ਪ੍ਰਾਪਤ ਕਰਨ ਲਈ ਪ੍ਰੇਰਿਤ ਕਰੇਗੀ।























