Breaking: ਸਾਬਕਾ ਮੰਤਰੀ ਭੁੱਲਰ ਵੱਲੋਂ 2027 ਦੀਆਂ ਚੋਣਾਂ ਨਾ ਲੜਨ ਦਾ ਐਲਾਨ
ਚੰਡੀਗੜ੍ਹ, 10 ਨਵੰਬਰ (ਵਿਸ਼ਵ ਵਾਰਤਾ): ਪੱਟੀ ਤੋਂ ਆਮ ਆਦਮੀ ਪਾਰਟੀ (ਆਪ) ਦੇ ਮੌਜੂਦਾ ਵਿਧਾਇਕ ਅਤੇ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਐਲਾਨ ਕੀਤਾ ਹੈ ਕਿ ਉਹ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਨਹੀਂ ਲੜਨਗੇ। ਉਨ੍ਹਾਂ ਨੇ ਸੋਸ਼ਲ ਮੀਡੀਆ ‘ਤੇ ਇੱਕ ਪੋਸਟ ਸਾਂਝੀ ਕੀਤੀ ਜਿਸ ਵਿੱਚ ਉਨ੍ਹਾਂ ਦੇ ਸਮਰਥਕਾਂ ਅਤੇ ਪੱਟੀ ਹਲਕੇ ਦੇ ਲੋਕਾਂ ਨੂੰ ਆਪਣੇ ਫੈਸਲੇ ਬਾਰੇ ਸੂਚਿਤ ਕੀਤਾ।

ਲਾਲਜੀਤ ਸਿੰਘ ਭੁੱਲਰ ਨੇ ਅੱਜ ਸਵੇਰੇ ਆਪਣੇ ਅਧਿਕਾਰਤ ਫੇਸਬੁੱਕ ਪੇਜ ‘ਤੇ ਇੱਕ ਪੋਸਟ ਵਿੱਚ ਲਿਖਿਆ: “ਦਾਸ ਨੇ ਪੱਟੀ ਹਲਕੇ ਦੇ ਭੈਣ-ਭਰਾਵਾਂ ਵੱਲੋਂ ਦਾਸ ਨੂੰ ਪਾਰਟੀ ਵੱਲੋਂ ਦੁਬਾਰਾ ਇਲੈਕਸ਼ਨ ਲੜਾਉਣ ਲਈ ਕਹਿਣ ਬਾਰੇ ਸੁਣਿਆ, ਪਰ ਦਾਸ ਨੇ ਇਲੈਕਸ਼ਨ ਨਹੀਂ ਲੜਨੀ। ਦਾਸ ਪੱਟੀ ਹਲਕੇ ਦੇ ਸਾਰੇ ਭੈਣ-ਭਰਾਵਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਹੈ ਅਤੇ ਦਾਸ ਦਾ ਤੁਹਾਡੀਆਂ ਭਾਵਨਾਵਾਂ ਅੱਗੇ, ਤੁਹਾਡੇ ਪੈਰਾਂ ਵਿੱਚ ਸਿਰ ਝੁਕਦਾ ਹੈ। ਦਾਸ ਪੱਟੀ ਹਲਕੇ ਦੇ ਸਾਰੇ ਭੈਣ-ਭਰਾਵਾਂ ਦਾ ਸਾਰੀ ਜ਼ਿੰਦਗੀ ਰਿਣੀ ਰਹੇਗਾ। ਜਿਨ੍ਹਾਂ ਭੈਣ-ਭਰਾਵਾਂ ਨੇ ਦਾਸ ਦਾ ਹਰ ਸਮੇਂ ਸਾਥ ਦਿੱਤਾ, ਸਭ ਦਾ ਬਹੁਤ-ਬਹੁਤ ਧੰਨਵਾਦ।”
ਦੱਸ ਦਈਏ ਕਿ ਭੁੱਲਰ ਇਸ ਸਮੇਂ ਪੰਜਾਬ ਰਾਜ ਵੇਅਰਹਾਊਸਿੰਗ ਕਾਰਪੋਰੇਸ਼ਨ ਲਈ ਅੰਮ੍ਰਿਤਸਰ ਦੇ ਜ਼ਿਲ੍ਹਾ ਮੈਨੇਜਰ (ਡੀਐਮ) ਡਾ. ਗਗਨਦੀਪ ਸਿੰਘ ਰੰਧਾਵਾ ਦੇ ਖੁਦਕੁਸ਼ੀ ਮਾਮਲੇ ਦੇ ਸਬੰਧ ਵਿੱਚ ਜੇਲ੍ਹ ਵਿੱਚ ਹੈ। ਪਾਰਟੀ ਨੇ ਭੁੱਲਰ ਦੀ ਗੈਰਹਾਜ਼ਰੀ ਵਿੱਚ ਇੱਕ ਹਲਕਾ ਇੰਚਾਰਜ ਵੀ ਨਿਯੁਕਤ ਕਰ ਦਿੱਤਾ ਹੈ।























