International: ਜਾਪਾਨ ‘ਚ ਮਹਿਸੂਸ ਹੋਏ ਭੂਚਾਲ ਦੇ ਝਟਕੇ, 22 ਲੋਕ ਜ਼ਖ਼ਮੀ
ਚੰਡੀਗੜ੍ਹ, 8 ਨਵੰਬਰ 2026 (ਵਿਸ਼ਵ ਵਾਰਤਾ): ਜਾਪਾਨ ਵਿੱਚ ਸ਼ਨੀਵਾਰ ਰਾਤ 5.7 ਤੀਬਰਤਾ ਦਾ ਭੂਚਾਲ ਆਉਣ ਕਾਰਨ ਘੱਟੋ-ਘੱਟ 22 ਲੋਕ ਜ਼ਖ਼ਮੀ ਹੋ ਗਏ। ਭੂਚਾਲ ਦੇ ਤੇਜ਼ ਝਟਕਿਆਂ ਕਾਰਨ ਲੋਕਾਂ ਵਿੱਚ ਦਹਿਸ਼ਤ ਫੈਲ ਗਈ ਅਤੇ ਉਹ ਘਰਾਂ ਤੇ ਇਮਾਰਤਾਂ ਵਿੱਚੋਂ ਬਾਹਰ ਨਿਕਲ ਆਏ। ਇਸ ਦੌਰਾਨ ਕਈ ਦੁਕਾਨਾਂ ਦੇ ਸ਼ੀਸ਼ੇ ਵੀ ਟੁੱਟ ਗਏ।
ਜਾਪਾਨ ਦੀ ਮੌਸਮ ਵਿਗਿਆਨ ਏਜੰਸੀ ਮੁਤਾਬਕ ਭੂਚਾਲ ਦਾ ਕੇਂਦਰ ਸ਼ਿਜ਼ੂਓਕਾ ਸੂਬੇ ਵਿੱਚ ਜ਼ਮੀਨ ਤੋਂ 40 ਕਿਲੋਮੀਟਰ ਹੇਠਾਂ ਸੀ। ਇਸ ਦੇ ਸਭ ਤੋਂ ਤੇਜ਼ ਝਟਕੇ ਆਇਚੀ ਸੂਬੇ ਵਿੱਚ ਮਹਿਸੂਸ ਕੀਤੇ ਗਏ। ਇਸ ਮਹੀਨੇ ਜਾਪਾਨ ਵਿੱਚ ਇਹ ਤੀਜਾ ਤੇਜ਼ ਭੂਚਾਲ ਹੈ। ਇਸ ਤੋਂ ਪਹਿਲਾਂ 1 ਨਵੰਬਰ ਨੂੰ 6 ਤੀਬਰਤਾ ਅਤੇ 7 ਨਵੰਬਰ ਨੂੰ 5.6 ਤੀਬਰਤਾ ਦਾ ਭੂਚਾਲ ਆਇਆ ਸੀ। ਮੌਸਮ ਵਿਗਿਆਨ ਏਜੰਸੀ ਨੇ ਲੋਕਾਂ ਨੂੰ ਅਗਲੇ ਇੱਕ ਹਫ਼ਤੇ ਤੱਕ ਭੂਚਾਲ ਦੇ ਸੰਭਾਵਿਤ ਝਟਕਿਆਂ ਨੂੰ ਲੈ ਕੇ ਚੌਕਸ ਰਹਿਣ ਦੀ ਸਲਾਹ ਦਿੱਤੀ ਹੈ।






















