Punjab: ਅਦਾਰਾ ਵਿਸ਼ਵ ਵਾਰਤਾ ਵੱਲੋਂ ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀਆਂ ਸੰਗਤ ਨੂੰ ਵਧਾਈਆਂ
ਅੰਮ੍ਰਿਤਸਰ, 8 ਨਵੰਬਰ (ਵਿਸ਼ਵ ਵਾਰਤਾ): ਦੇਸ਼ ਭਰ ਵਿੱਚ ਅੱਜ ਦੀਵਾਲੀ ਅਤੇ ਬੰਦੀ ਛੋੜ ਦਿਵਸ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਇਸ ਪਵਿੱਤਰ ਮੌਕੇ ਲੋਕਾਂ ਵੱਲੋਂ ਇੱਕ-ਦੂਜੇ ਨੂੰ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ। ਇਹ ਦਿਹਾੜਾ ਖੁਸ਼ੀਆਂ, ਰੌਸ਼ਨੀ, ਆਪਸੀ ਭਾਈਚਾਰੇ ਅਤੇ ਆਜ਼ਾਦੀ ਦੇ ਸੰਦੇਸ਼ ਦਾ ਪ੍ਰਤੀਕ ਹੈ। ਸੰਗਤਾਂ ਵੱਲੋਂ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਜਾ ਰਹੀ ਹੈ। ਇਸ ਮੌਕੇ ‘ਤੇ ਵਿਸ਼ਵ ਵਾਰਤਾ ਦੇ ਸੰਸਥਾਪਕ ਦਵਿੰਦਰਜੀਤ ਸਿੰਘ ਦਰਸ਼ੀ, ਮੈਨੇਜਿੰਗ ਐਡੀਟਰ ਗੁਰਪੁਨੀਤ ਸਿੰਘ ਸਿੱਧੂ ਅਤੇ ਵਿਸ਼ਵ ਵਾਰਤਾ ਦੀ ਸਮੁੱਚੀ ਟੀਮ ਵੱਲੋਂ ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀਆਂ ਸੰਗਤ ਨੂੰ ਵਧਾਈਆਂ।
ਦੀਵਾਲੀ ਅਤੇ ਬੰਦੀ ਛੋੜ ਦਿਵਸ ਮੌਕੇ ਘਰਾਂ ਅਤੇ ਬਾਜ਼ਾਰਾਂ ਵਿੱਚ ਖਾਸ ਰੌਣਕ ਦੇਖਣ ਨੂੰ ਮਿਲੇਗੀ। ਹਿੰਦੂ ਧਾਰਮਿਕ ਮਾਨਤਾਵਾਂ ਅਨੁਸਾਰ ਅੱਜ ਦੀਵਾਲੀ ਮੌਕੇ ਲਕਸ਼ਮੀ ਪੂਜਨ ਕੀਤਾ ਜਾਵੇਗਾ। ਅਮਾਵੱਸਿਆ ਤਿਥੀ 8 ਨਵੰਬਰ ਸਵੇਰੇ 11:27 ਵਜੇ ਸ਼ੁਰੂ ਹੋ ਕੇ 9 ਨਵੰਬਰ ਦੁਪਹਿਰ 12:31 ਵਜੇ ਤੱਕ ਰਹੇਗੀ। ਲਕਸ਼ਮੀ ਪੂਜਨ ਲਈ ਸ਼ੁਭ ਸਮਾਂ ਸ਼ਾਮ 5:54 ਤੋਂ 7:50 ਵਜੇ ਤੱਕ ਹੈ। ਇਸ ਤਰ੍ਹਾਂ ਪੂਜਾ ਲਈ ਕੁੱਲ 1 ਘੰਟਾ 54 ਮਿੰਟ ਦਾ ਸਮਾਂ ਮਿਲੇਗਾ।
ਉੱਥੇ ਹੀ ਸਿੱਖ ਧਰਮ ਦਾ ਮਹੱਤਵਪੂਰਨ ਇਤਿਹਾਸਕ ਅਤੇ ਧਾਰਮਿਕ ਦਿਹਾੜਾ ਬੰਦੀ ਛੋੜ ਦਿਵਸ ਵੀ ਅੱਜ 8 ਨਵੰਬਰ ਨੂੰ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾਵੇਗਾ। ਇਹ ਦਿਹਾੜਾ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਗਵਾਲੀਅਰ ਦੇ ਕਿਲ੍ਹੇ ਤੋਂ ਰਿਹਾਈ ਦੀ ਯਾਦ ਵਿੱਚ ਮਨਾਇਆ ਜਾਂਦਾ ਹੈ। ਇਤਿਹਾਸ ਅਨੁਸਾਰ ਛੇਵੇਂ ਪਾਤਸ਼ਾਹ ਨੇ ਆਪਣੀ ਰਿਹਾਈ ਦੇ ਨਾਲ 52 ਹੋਰ ਰਾਜਿਆਂ ਨੂੰ ਵੀ ਗਵਾਲੀਅਰ ਦੇ ਕਿਲ੍ਹੇ ਤੋਂ ਰਿਹਾਅ ਕਰਵਾਇਆ ਸੀ। ਇਸੇ ਕਰਕੇ ਇਸ ਦਿਹਾੜੇ ਨੂੰ ਬੰਦੀ ਛੋੜ ਦਿਵਸ ਵਜੋਂ ਮਨਾਇਆ ਜਾਂਦਾ ਹੈ।
ਇਸ ਪਵਿੱਤਰ ਮੌਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਅੰਮ੍ਰਿਤਸਰ ਵਿਖੇ ਸ਼ਾਨਦਾਰ ਦੀਪਮਾਲਾ ਕੀਤੀ ਜਾਵੇਗੀ। ਗੁਰੂ ਘਰ ਨੂੰ ਦੀਵਿਆਂ ਅਤੇ ਰੰਗ-ਬਿਰੰਗੀਆਂ ਰੌਸ਼ਨੀਆਂ ਨਾਲ ਸਜਾਇਆ ਜਾਵੇਗਾ। ਇਸ ਇਤਿਹਾਸਕ ਦਿਹਾੜੇ ਮੌਕੇ ਦੇਸ਼-ਵਿਦੇਸ਼ ਤੋਂ ਲੱਖਾਂ ਸ਼ਰਧਾਲੂਆਂ ਦੇ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਪਹੁੰਚਣ ਦੀ ਉਮੀਦ ਹੈ।























