Mansa: ਦਲਜੀਤ ਸਿੰਘ ਮੌਤ ਮਾਮਲੇ ‘ਚ ਨਵਾਂ ਮੋੜ; ਹਾਈ ਕੋਰਟ ਵੱਲੋਂ ਵੱਡੇ ਹੁਕਮ ਜਾਰੀ
– PGI ‘ਚ ਹੋਵੇਗਾ ਪੋਸਟਮਾਰਟਮ
ਚੰਡੀਗੜ੍ਹ, 3 ਨਵੰਬਰ (ਵਿਸ਼ਵ ਵਾਰਤਾ): ਮਾਨਸਾ ਦੇ ਭੰਮੇ ਕਲਾਂ ਪਿੰਡ ਦੇ ਦਲਜੀਤ ਸਿੰਘ ਦੀ ਸ਼ੱਕੀ ਹਾਲਾਤਾਂ ਵਿੱਚ ਹੋਈ ਮੌਤ ਦੇ ਮਾਮਲੇ ‘ਚ ਨਵਾਂ ਮੋੜ ਆਇਆ ਹੈ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਇਸ ਮਾਮਲੇ ‘ਚ ਅਹਿਮ ਹੁਕਮ ਜਾਰੀ ਕੀਤੇ ਹਨ। ਕੋਰਟ ਨੇ ਦਲਜੀਤ ਦੀ ਮ੍ਰਿਤਕ ਦੇਹ ਦਾ ਚੰਡੀਗੜ੍ਹ ਸਥਿਤ PGI ਵਿੱਚ ਪੋਸਟਮਾਰਟਮ ਕਰਵਾਉਣ ਦੇ ਨਿਰਦੇਸ਼ ਦਿੱਤੇ ਹਨ।ਇਸ ਦੇ ਲਈ ਮ੍ਰਿਤਕ ਦੇਹ 15 ਘੰਟਿਆਂ ਦੇ ਅੰਦਰ PGI ਪ੍ਰਸ਼ਾਸਨ ਨੂੰ ਸੌਂਪਣ ਲਈ ਕਿਹਾ ਗਿਆ ਹੈ। ਪੋਸਟਮਾਰਟਮ ਰਿਪੋਰਟ 4 ਨਵੰਬਰ ਨੂੰ ਅਦਾਲਤ ਦੇ ਸਾਹਮਣੇ ਪੇਸ਼ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।
ਇਸ ਤੋਂ ਇਲਾਵਾ ਅਦਾਲਤ ਨੇ ਪੋਸਟਮਾਰਟਮ ਤੋਂ ਬਾਅਦ ਦਲਜੀਤ ਦਾ ਅੰਤਿਮ ਸਸਕਾਰ ਚੰਡੀਗੜ੍ਹ ਦੇ ਸੈਕਟਰ-25 ਸਥਿਤ ਸ਼ਮਸ਼ਾਨਘਾਟ ਵਿੱਚ ਪੁਲਿਸ ਸੁਰੱਖਿਆ ਹੇਠ ਕਰਵਾਉਣ ਦੇ ਹੁਕਮ ਦਿੱਤੇ ਹਨ। ਅੰਤਿਮ ਸਸਕਾਰ ਵਿੱਚ ਸਿਰਫ਼ ਪਰਿਵਾਰਕ ਮੈਂਬਰ ਅਤੇ ਕਰੀਬੀ ਲੋਕ ਹੀ ਸ਼ਾਮਲ ਹੋ ਸਕਣਗੇ। ਕਿਸੇ ਵੀ ਸਿਆਸੀ ਆਗੂ ਜਾਂ ਬਾਹਰੀ ਵਿਅਕਤੀ ਨੂੰ ਉੱਥੇ ਪਹੁੰਚਣ ਦੀ ਇਜਾਜ਼ਤ ਨਹੀਂ ਹੋਵੇਗੀ। ਪੰਜਾਬ ਅਤੇ ਚੰਡੀਗੜ੍ਹ ਦੇ ਡੀਜੀਪੀ (DGP) ਨੂੰ ਅੰਤਿਮ ਸੰਸਕਾਰ ਲਈ ਸੁਰੱਖਿਆ ਪ੍ਰਬੰਧ ਯਕੀਨੀ ਬਣਾਉਣ ਲਈ ਕਿਹਾ ਗਿਆ ਹੈ।






















