ਪੰਜ ਤੱਤਾਂ ‘ਚ ਵਿਲੀਨ ਹੋਏ ਦਿਵਿਤ ਔਲਖ
– ਅੰਤਿਮ ਸਸਕਾਰ ਮੌਕੇ ਪੰਜਾਬੀ ਕਲਾਕਾਰਾਂ ਸਮੇਤ ਪਹੁੰਚੀਆਂ ਉੱਘੀਆਂ ਸਖਸ਼ੀਅਤਾਂ
ਜਲੰਧਰ, 3 ਨਵੰਬਰ 2026 (ਵਿਸ਼ਵ ਵਾਰਤਾ): ਸਪੀਡ ਰਿਕਾਰਡਜ਼ ਦੇ ਮਾਲਕ ਦਿਨੇਸ਼ ਔਲਖ ਦੇ ਪੁੱਤਰ ਦਿਵਿਤ ਔਲਖ ਦੀ ਅੰਤਿਮ ਵਿਦਾਈ ਮੌਕੇ ਹਰ ਅੱਖ ਨਮ ਹੋ ਗਈ। ਬੁੱਧਵਾਰ ਦੁਪਹਿਰ ਮਾਡਲ ਟਾਊਨ ਸਥਿਤ ਸ਼ਮਸ਼ਾਨਘਾਟ ਵਿੱਚ ਦਿਵਿਤ ਔਲਖ ਦਾ ਅੰਤਿਮ ਸੰਸਕਾਰ ਕੀਤਾ ਗਿਆ। ਚਿਤਾ ਨੂੰ ਪਿਤਾ ਦਿਨੇਸ਼ ਔਲਖ ਨੇ ਮੁੱਖ ਅਗਨੀ ਦਿੱਤੀ। ਇਸ ਦੌਰਾਨ ਵੱਡੀ ਗਿਣਤੀ ਵਿੱਚ ਪੰਜਾਬੀ ਇੰਡਸਟਰੀ ਦੀਆਂ ਨਾਮੀ ਸ਼ਖਸ਼ੀਅਤਾਂ ਵੀ ਮੌਜੂਦ ਰਹੀਆਂ ।
ਦੱਸ ਦਈਏ ਕਿ ਅੰਤਿਮ ਸਸਕਾਰ ਵਿੱਚ ਪੰਜਾਬੀ ਗਾਇਕ ਗਿੱਪੀ ਗਰੇਵਾਲ, ਬੱਬੂ ਮਾਨ, ਜੈਜ਼ੀ ਬੀ, ਸਿੰਗਰ ਅੰਮ੍ਰਿਤ ਮਾਨ, ਸਤਿੰਦਰ ਸਰਤਾਜ ਸਮੇਤ ਪੰਜਾਬੀ ਮਿਊਜ਼ਿਕ ਇੰਡਸਟਰੀ ਦੀਆਂ ਕਈ ਹਸਤੀਆਂ ਨੇ ਅਰਥੀ ਨੂੰ ਮੋਢਾ ਦਿੱਤਾ। ਇਸ ਦੌਰਾਨ ਮੇਅਰ ਵਿਨੀਤ ਧੀਰ, ਕੈਬਨਿਟ ਮੰਤਰੀ ਮੋਹਿੰਦਰ ਭਗਤ ਸਮੇਤ ਕਈ ਨੇਤਾ ਸ਼ਾਮਲ ਰਹੇ।
ਜ਼ਿਕਰਯੋਗ ਹੈ ਕਿ ਦਿਵਿਤ ਦੀ ਬੀਤੀ ਸ਼ਨੀਵਾਰ ਰਾਤ ਸੜਕ ਹਾਦਸੇ ਵਿੱਚ ਮੌਤ ਹੋ ਗਈ ਸੀ। ਉਹ ਦੋਸਤਾਂ ਨਾਲ ਬਰਥਡੇ ਪਾਰਟੀ ਵਿੱਚ ਸ਼ਾਮਲ ਹੋਣ ਲਈ ਕਾਰ ਰਾਹੀਂ ਜਾ ਰਿਹਾ ਸੀ। ਇਸੇ ਦੌਰਾਨ ਤੇਜ਼ ਰਫ਼ਤਾਰ ਕਾਰ ਨਗਰ ਨਿਗਮ ਦੀ ਟ੍ਰਾਲੀ ਨਾਲ ਟਕਰਾ ਗਈ ਸੀ। ਟੱਕਰ ਇੰਨੀ ਭਿਆਨਕ ਸੀ ਕਿ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ। ਗੰਭੀਰ ਹਾਲਤ ਵਿੱਚ ਦਿਵਿਤ ਨੂੰ ਜਲੰਧਰ ਦੇ ਸਿਵਲ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਸੀ।























