ਖੇਡ ਸਮੱਗਰੀ ਨਿਰਮਾਣ ਯੋਜਨਾ ਨਾਲ ਪੰਜਾਬ ਦੇ ਉਦਯੋਗਾਂ ਲਈ ਖੁੱਲ੍ਹਣਗੇ ਨਵੇਂ ਰਾਹ: ਕੁਲਵੰਤ ਗੁਲਾਟੀ
– ਜਲੰਧਰ ਤੇ ਲੁਧਿਆਣਾ ਦੇ ਖੇਡ ਸਮੱਗਰੀ ਨਿਰਮਾਤਾਵਾਂ ਨੂੰ ਮਿਲੇਗਾ ਸਿੱਧਾ ਲਾਭ, ਕੇਂਦਰ ਵੱਲੋਂ 1856.67 ਕਰੋੜ ਰੁਪਏ ਖਰਚਣ ਦੀ ਯੋਜਨਾ
ਚੰਡੀਗੜ੍ਹ, 30 ਅਕਤੂਬਰ 2026 (ਵਿਸ਼ਵ ਵਾਰਤਾ): ਕੇਂਦਰ ਸਰਕਾਰ ਵੱਲੋਂ ਦੇਸ਼ ਵਿੱਚ ਖੇਡ ਸਮੱਗਰੀ ਦੇ ਨਿਰਮਾਣ ਨੂੰ ਉਤਸ਼ਾਹਿਤ ਕਰਨ ਲਈ ਸ਼ੁਰੂ ਕੀਤੀ ਗਈ ‘ਖੇਲੋ ਇੰਡੀਆ ਖੇਡ ਸਮੱਗਰੀ ਨਿਰਮਾਣ ਯੋਜਨਾ’ ਪੰਜਾਬ ਦੇ ਉਦਯੋਗਿਕ ਖੇਤਰ ਲਈ ਨਵੀਆਂ ਸੰਭਾਵਨਾਵਾਂ ਪੈਦਾ ਕਰ ਸਕਦੀ ਹੈ। ਖ਼ਾਸ ਕਰਕੇ ਜਲੰਧਰ ਅਤੇ ਲੁਧਿਆਣਾ ਦੇ ਖੇਡ ਸਮੱਗਰੀ ਨਿਰਮਾਤਾਵਾਂ ਨੂੰ ਇਸ ਯੋਜਨਾ ਦਾ ਵੱਡਾ ਲਾਭ ਮਿਲਣ ਦੀ ਉਮੀਦ ਹੈ। ਜਲੰਧਰ ਦੇ ਖੇਡ ਸਮੱਗਰੀ ਨਿਰਮਾਤਾ ਕੁਲਵੰਤ ਗੁਲਾਟੀ ਨੇ ਕੇਂਦਰੀ ਮੰਤਰੀ ਮੰਡਲ ਵੱਲੋਂ ਯੋਜਨਾ ਨੂੰ ਮਨਜ਼ੂਰੀ ਦਿੱਤੇ ਜਾਣ ਦਾ ਸਵਾਗਤ ਕਰਦਿਆਂ ਕਿਹਾ ਕਿ ਇਸ ਨਾਲ ਪੰਜਾਬ ਦੇ ਰਵਾਇਤੀ ਖੇਡ ਉਦਯੋਗ ਨੂੰ ਆਧੁਨਿਕ ਤਕਨੀਕ ਅਤੇ ਨਵੇਂ ਨਿਵੇਸ਼ ਨਾਲ ਜੋੜਨ ਦਾ ਮੌਕਾ ਮਿਲੇਗਾ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਹੇਠ 28 ਅਕਤੂਬਰ 2026 ਨੂੰ ਮਨਜ਼ੂਰ ਕੀਤੀ ਗਈ ਇਸ ਯੋਜਨਾ ਤਹਿਤ ਵਿੱਤੀ ਵਰ੍ਹੇ 2026-27 ਤੋਂ 2033-34 ਤੱਕ ਕੁੱਲ 1,856.67 ਕਰੋੜ ਰੁਪਏ ਖਰਚ ਕੀਤੇ ਜਾਣਗੇ। ਯੋਜਨਾ ਦਾ ਮੁੱਖ ਉਦੇਸ਼ ਖੇਡ ਸਾਜ਼ੋ-ਸਾਮਾਨ ਦੇ ਘਰੇਲੂ ਉਤਪਾਦਨ ਨੂੰ ਮਜ਼ਬੂਤ ਕਰਨਾ, ਵਿਦੇਸ਼ਾਂ ਤੋਂ ਦਰਾਮਦ ‘ਤੇ ਨਿਰਭਰਤਾ ਘਟਾਉਣਾ ਅਤੇ ਭਾਰਤੀ ਉਤਪਾਦਾਂ ਦੀ ਕੌਮਾਂਤਰੀ ਬਾਜ਼ਾਰ ਵਿੱਚ ਪਹੁੰਚ ਵਧਾਉਣਾ ਹੈ। ਇਸ ਦੇ ਨਾਲ ਹੀ ਲਗਭਗ 6,800 ਕਰੋੜ ਰੁਪਏ ਦਾ ਨਿੱਜੀ ਨਿਵੇਸ਼ ਆਕਰਸ਼ਿਤ ਕਰਨ ਦਾ ਟੀਚਾ ਵੀ ਰੱਖਿਆ ਗਿਆ ਹੈ।
ਕੁਲਵੰਤ ਗੁਲਾਟੀ ਨੇ ਕਿਹਾ ਕਿ ਜਲੰਧਰ ਅਤੇ ਲੁਧਿਆਣਾ ਪਹਿਲਾਂ ਹੀ ਖੇਡ ਸਮੱਗਰੀ ਦੇ ਨਿਰਮਾਣ ਵਿੱਚ ਦੇਸ਼ ਅੰਦਰ ਆਪਣੀ ਵਿਸ਼ੇਸ਼ ਪਛਾਣ ਰੱਖਦੇ ਹਨ। ਇੱਥੋਂ ਤਿਆਰ ਹੋਣ ਵਾਲੀ ਖੇਡ ਸਮੱਗਰੀ ਦੀ ਦੇਸ਼-ਵਿਦੇਸ਼ ਵਿੱਚ ਮੰਗ ਹੈ। ਅਜਿਹੇ ਵਿੱਚ ਕੇਂਦਰ ਦੀ ਇਹ ਯੋਜਨਾ ਸਥਾਨਕ ਉਦਯੋਗਾਂ ਨੂੰ ਆਪਣੀ ਉਤਪਾਦਨ ਸਮਰੱਥਾ ਵਧਾਉਣ, ਨਵੀਂ ਮਸ਼ੀਨਰੀ ਅਤੇ ਤਕਨੀਕ ਅਪਣਾਉਣ ਅਤੇ ਕੌਮਾਂਤਰੀ ਪੱਧਰ ਦੇ ਮਿਆਰਾਂ ਅਨੁਸਾਰ ਉਤਪਾਦ ਤਿਆਰ ਕਰਨ ਵਿੱਚ ਮਦਦਗਾਰ ਸਾਬਤ ਹੋ ਸਕਦੀ ਹੈ।
ਉਨ੍ਹਾਂ ਕਿਹਾ ਕਿ ਯੋਜਨਾ ਤਹਿਤ ਨਿਰਮਾਤਾਵਾਂ ਅਤੇ ਨਿਵੇਸ਼ਕਾਂ ਨੂੰ ਪੂੰਜੀ ਨਿਵੇਸ਼ ਅਤੇ ਕਾਰੋਬਾਰੀ ਗਤੀਵਿਧੀਆਂ ਦੇ ਆਧਾਰ ‘ਤੇ ਵੱਖ-ਵੱਖ ਪ੍ਰੋਤਸਾਹਨ ਦਿੱਤੇ ਜਾਣਗੇ। ਇਸ ਤੋਂ ਇਲਾਵਾ ਕੌਮਾਂਤਰੀ ਗੁਣਵੱਤਾ ਪ੍ਰਮਾਣੀਕਰਨ, ਖੋਜ ਅਤੇ ਵਿਕਾਸ, ਹੁਨਰ ਵਿਕਾਸ ਅਤੇ ਮੌਜੂਦਾ ਉਦਯੋਗਿਕ ਇਕਾਈਆਂ ਦੇ ਆਧੁਨਿਕੀਕਰਨ ਲਈ ਵੀ ਸਹਾਇਤਾ ਮੁਹੱਈਆ ਕਰਵਾਈ ਜਾਵੇਗੀ।
ਯੋਜਨਾ ਦਾ ਇੱਕ ਅਹਿਮ ਪਹਿਲੂ ਨਵੇਂ ਏਕੀਕ੍ਰਿਤ ਖੇਡ ਸਮੱਗਰੀ ਨਿਰਮਾਣ ਕੇਂਦਰਾਂ ਦਾ ਵਿਕਾਸ ਕਰਨਾ ਅਤੇ ਪਹਿਲਾਂ ਤੋਂ ਸਥਾਪਤ ਉਦਯੋਗਿਕ ਸਮੂਹਾਂ ਨੂੰ ਆਧੁਨਿਕ ਸਹੂਲਤਾਂ ਨਾਲ ਲੈਸ ਕਰਨਾ ਵੀ ਹੈ। ਇਸ ਨਾਲ ਛੋਟੇ ਅਤੇ ਦਰਮਿਆਨੇ ਉਦਯੋਗਾਂ ਨੂੰ ਵੀ ਆਪਣੇ ਕਾਰੋਬਾਰ ਦਾ ਵਿਸਥਾਰ ਕਰਨ ਦੇ ਮੌਕੇ ਮਿਲ ਸਕਦੇ ਹਨ। ਉਤਪਾਦਨ ਵਿੱਚ ਵਾਧੇ ਨਾਲ ਸਥਾਨਕ ਪੱਧਰ ‘ਤੇ ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਹੋਣ ਦੀ ਵੀ ਸੰਭਾਵਨਾ ਹੈ।
ਕੁਲਵੰਤ ਗੁਲਾਟੀ ਅਨੁਸਾਰ ਇਹ ਯੋਜਨਾ ਪੰਜਾਬ ਦੇ ਖੇਡ ਸਮੱਗਰੀ ਉਦਯੋਗ ਨੂੰ ਨਵੀਂ ਦਿਸ਼ਾ ਦੇਣ ਦੇ ਨਾਲ-ਨਾਲ ਭਾਰਤ ਨੂੰ ਵਿਸ਼ਵ ਪੱਧਰ ‘ਤੇ ਖੇਡ ਸਾਜ਼ੋ-ਸਾਮਾਨ ਦੇ ਨਿਰਮਾਣ ਦਾ ਵੱਡਾ ਕੇਂਦਰ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾ ਸਕਦੀ ਹੈ। ਇਹ ਪਹਿਲਕਦਮੀ ‘ਖੇਲੋ ਭਾਰਤ ਨੀਤੀ-2025’, ‘ਮੇਕ ਇਨ ਇੰਡੀਆ’ ਅਤੇ ‘ਆਤਮਨਿਰਭਰ ਭਾਰਤ’ ਦੇ ਟੀਚਿਆਂ ਨੂੰ ਵੀ ਮਜ਼ਬੂਤੀ ਦੇਵੇਗੀ।























