ਨਵੀਂ ਦਿੱਲੀ, 4 ਜੁਲਾਈ – ਵਿਸ਼ਵ ਕੱਪ ਕ੍ਰਿਕਟ ਦੇ ਸੈਮੀਫਾਈਨਲ ਮੁਕਾਬਲੇ ਵਿਚ ਭਾਰਤ ਦਾ ਮੁਕਾਬਲਾ ਇੰਗਲੈਂਡ ਜਾਂ ਨਿਊਜੀਲੈਂਡ ਨਾਲ ਹੋਵੇਗਾ। ਭਾਰਤ ਦੀ ਟੀਮ ਇਸ ਸਮੇਂ ਦੂਸਰੇ ਸਥਾਨ ਉਤੇ ਹੈ, ਜੇਕਰ ਦੱਖਣੀ ਅਫਰੀਕਾ ਦੀ ਟੀਮ ਆਸਟ੍ਰੇਲੀਆ ਨੂੰ ਆਖਰੀ ਮੈਚ ਵਿਚ ਹਰਾ ਦੇਵੇ ਅਤੇ ਭਾਰਤੀ ਟੀਮ ਆਪਣੇ ਆਖਰੀ ਮੈਚ ਵਿਚ ਸ੍ਰੀਲੰਕਾ ਨੂੰ ਮਾਤ ਦੇ ਦੇਵੇ ਤਾਂ ਭਾਰਤੀ ਟੀਮ ਦੇ 15 ਅੰਕ ਹੋ ਜਾਣਗੇ ਤੇ ਉਹ ਰੈਂਕਿੰਗ ਵਿਚ ਨੰਬਰ ਇੱਕ ਸਥਾਨ ਉਤੇ ਪਹੁੰਚ ਜਾਵੇਗੀ ਤੇ ਉਸ ਦਾ ਮੁਕਾਬਲਾ ਚੌਥੇ ਨੰਬਰ ਦੀ ਟੀਮ ਨਿਊਜੀਲੈਂਡ ਨਾਲ ਹੋਵੇਗਾ।
ਦੂਸਰੇ ਪਾਸੇ ਜੇਕਰ ਆਸਟ੍ਰੇਲੀਆ ਦੱਖਣੀ ਅਫਰੀਕਾ ਨੂੰ ਹਰਾ ਦੇਵੇ ਤਾਂ ਆਸਟ੍ਰੇਲੀਆ ਦੇ 16 ਅੰਕ ਹੋ ਜਾਣਗੇ ਤੇ ਉਹ ਨੰਬਰ ਇੱਕ ਸਥਾਨ ਉਤੇ ਬਰਕਰਾਰ ਰਹੇਗੀ ਤੇ ਭਾਰਤ ਦੂਸਰੇ ਸਥਾਨ ਉਤੇ। ਫਿਰ ਭਾਰਤ ਦਾ ਮੁਕਾਬਲਾ ਤੀਸਰੇ ਨੰਬਰ ਉਤੇ ਕਾਬਜ ਇੰਗਲੈਂਡ ਨਾਲ ਹੋਵੇਗਾ।
ਇਸ ਦੌਰਾਨ ਪਾਕਿਸਤਾਨੀ ਟੀਮ ਦਾ ਸੈਮੀਫਾਈਨਲ ਵਿਚ ਪਹੁੰਚਣਾ ਅਸੰਭਵ ਜਾਪ ਰਿਹਾ ਹੈ। ਪਾਕਿਸਤਾਨ ਜੇਕਰ ਆਪਣੇ ਆਖਰੀ ਮੈਚ ਵਿਚ ਬੰਗਲਾਦੇਸ਼ ਨੂੰ 300 ਤੋਂ ਵੱਧ ਦੌੜਾਂ ਦੇ ਅੰਤਰ ਨਾਲ ਹਰਾਵੇਗੀ ਤਦ ਹੀ ਉਹ ਸੈਮੀਫਾਈਨਲ ਵਿਚ ਪਹੁੰਚ ਸਕਦੀ ਹੈ। ਇਸ ਦੌਰਾਨ ਜੇਕਰ ਬੰਗਲਾਦੇਸ਼ ਦੀ ਟੀਮ ਪਹਿਲਾਂ ਬੱਲੇਬਾਜੀ ਕਰਦੀ ਹੈ ਤਾਂ ਪਾਕਿਸਤਾਨ ਦੀ ਟੀਮ ਬਿਨਾਂ ਕਿਸੇ ਗੇਂਦ ਦੇ ਸੁੱਟੇ ਹੀ ਸੈਮੀਫਾਈਨਲ ਦੀ ਰੇਸ ਤੋਂ ਬਾਹਰ ਹੋ ਜਾਵੇਗੀ।
ਨਿਊਜੀਲੈਂਡ ਦੀ ਟੀਮ ਦੇ 11 ਅੰਕ ਹਨ, ਜਦਕਿ ਪਾਕਿਸਤਾਨ ਦੀ ਟੀਮ ਦੇ 9 ਅੰਕ। ਪਾਕਿਸਤਾਨ ਜੇਕਰ ਸੈਮੀਫਾਈਨਲ ਵਿਚ ਪਹੁੰਚਣਾ ਹੈ ਤਾਂ ਉਸ ਨੂੰ ਕੋਈ ਚਮਤਕਾਰ ਹੀ ਪਹੁੰਚਾ ਸਕਦਾ ਹੈ।