ਤਿਓਹਾਰੀ ਸੀਜ਼ਨ ਤੋਂ ਪਹਿਲਾਂ ਆਮ ਲੋਕਾਂ ਨੂੰ ਵੱਡੀ ਰਾਹਤ; ਸਸਤੇ ਹੋਣਗੇ ਖਾਣ ਵਾਲੇ ਤੇਲ
– ਸਰਕਾਰ ਨੇ ਬੇਸਿਕ ਕਸਟਮ ਡਿਊਟੀ ‘ਚ ਕੀਤੀ ਵੱਡੀ ਕਟੌਤੀ
ਨਵੀ ਦਿੱਲੀ, 24 ਸਤੰਬਰ 2026 (ਵਿਸ਼ਵ ਵਾਰਤਾ): ਤਿਓਹਾਰਾਂ ਤੋਂ ਪਹਿਲਾਂ ਕੇਂਦਰ ਸਰਕਾਰ ਨੇ ਖਾਣ ਵਾਲੇ ਤੇਲਾਂ ‘ਤੇ ਵੱਡੀ ਰਾਹਤ ਦਿੱਤੀ ਹੈ। ਕੇਂਦਰ ਨੇ ਸੋਇਆਬੀਨ ਤੇਲ, ਪਾਮ ਆਇਲ ਅਤੇ ਸੂਰਜਮੁਖੀ ਦੇ ਤੇਲ ਦੇ ਆਯਾਤ ‘ਤੇ ਟੈਕਸ ਘਟਾ ਦਿੱਤਾ ਹੈ। ਬਾਜ਼ਾਰ ਵਿੱਚ ਸੋਇਆਬੀਨ ਤੇਲ, ਪਾਮ ਤੇਲ ਅਤੇ ਸੂਰਜਮੁਖੀ ਤੇਲ ਦੀ ਉਪਲਬਧਤਾ ਬਣੀ ਰਹੇ ਅਤੇ ਕੀਮਤਾਂ ਨਾ ਵਧਣ, ਇਸ ਦੇ ਲਈ ਸਰਕਾਰ ਨੇ ਬੇਸਿਕ ਕਸਟਮ ਡਿਊਟੀ ਘਟਾ ਦਿੱਤੀ ਹੈ। ਵਿੱਤ ਮੰਤਰਾਲੇ ਨੇ ਇਸ ਸੰਬੰਧੀ ਨੋਟੀਫਿਕੇਸ਼ਨ ਜਾਰੀ ਕੀਤਾ। ਕਸਟਮ ਡਿਊਟੀ ‘ਤੇ ਇਹ ਰਾਹਤ 24 ਸਤੰਬਰ ਯਾਨੀ ਅੱਜ ਤੋਂ ਹੀ ਲਾਗੂ ਕਰ ਦਿੱਤੀ ਗਈ ਹੈ।
ਕੇਂਦਰ ਸਰਕਾਰ ਨੇ ਨਾ ਸਿਰਫ਼ ਕੱਚੇ ਖਾਣ ਵਾਲੇ ਤੇਲਾਂ ‘ਤੇ ਟੈਕਸ ਘੱਟ ਕੀਤਾ ਹੈ, ਸਗੋਂ ਰਿਫਾਇੰਡ ਤੇਲ ‘ਤੇ ਵੀ ਕਸਟਮ ਡਿਊਟੀ ਵਿੱਚ ਵੱਡੀ ਰਾਹਤ ਦਿੱਤੀ ਹੈ। ਇਹ ਫੈਸਲਾ ਤਿਓਹਾਰੀ ਸੀਜ਼ਨ ਦੌਰਾਨ ਖਾਣ-ਪੀਣ ਦੇ ਤੇਲ ਦੀ ਮੰਗ ਵਿੱਚ ਹੋਣ ਵਾਲੇ ਵਾਧੇ ਨੂੰ ਧਿਆਨ ਵਿੱਚ ਰੱਖ ਕੇ ਲਿਆ ਗਿਆ ਹੈ। ਕੱਚੇ ਸੂਰਜਮੁਖੀ ਤੇਲ ‘ਤੇ ਤਾਂ ਸਰਕਾਰ ਨੇ ਬੇਸਿਕ ਕਸਟਮ ਡਿਊਟੀ ਨੂੰ ਖ਼ਤਮ ਹੀ ਕਰ ਦਿੱਤਾ ਹੈ।
ਵਿੱਤ ਮੰਤਰਾਲੇ ਦੇ ਮੁਤਾਬਕ, ਨਵੀਆਂ ਦਰਾਂ 24 ਸਤੰਬਰ ਤੋਂ ਲਾਗੂ ਹੋ ਗਈਆਂ ਹਨ। ਸਰਕਾਰ ਨੇ ਕਰੂਡ ਸੋਇਆ ਅਤੇ ਕਰੂਡ ਪਾਮ ਆਇਲ ‘ਤੇ ਡਿਊਟੀ 10% ਤੋਂ ਘਟਾ ਕੇ 5% ਕਰ ਦਿੱਤੀ ਹੈ। ਰਿਫਾਇੰਡ ਸੋਇਆ ਅਤੇ ਰਿਫਾਇੰਡ ਪਾਮ ਆਇਲ ‘ਤੇ ਡਿਊਟੀ 32.5% ਤੋਂ ਘਟਾ ਕੇ 27.5% ਕੀਤੀ ਗਈ ਹੈ। ਕਰੂਡ ਸੂਰਜਮੁਖੀ ਤੇਲ ‘ਤੇ ਡਿਊਟੀ 10% ਤੋਂ ਘਟਾ ਕੇ ਜ਼ੀਰੋ ਕਰ ਦਿੱਤੀ ਗਈ ਹੈ। ਇਸ ਦੇ ਨਾਲ ਹੀ ਮੰਨਿਆ ਜਾ ਰਿਹਾ ਹੈ ਕਿ ਦੇਸ਼ ਵਿੱਚ ਖਾਣਾ ਪਕਾਉਣ ਵਾਲਾ ਤੇਲ ਸਸਤਾ ਹੋ ਸਕਦਾ ਹੈ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























