Punjab: ਫਲਾਈਓਵਰ ਤੋਂ ਹੇਠਾਂ ਡਿੱਗਿਆ ਨੌਜਵਾਨ, ਬਾਈਕ ਉੱਪਰ ਹੀ ਮਿਲੀ
– ਹਸਪਤਾਲ ’ਚ ਹੋਈ ਨੌਜਵਾਨ ਮੌਤ
ਮੋਹਾਲੀ, 23 ਸਤੰਬਰ (ਵਿਸ਼ਵ ਵਾਰਤਾ): ਮੋਹਾਲੀ ਦੇ ਜ਼ੀਰਕਪੁਰ ਵਿੱਚ ਅੰਬਾਲਾ-ਚੰਡੀਗੜ੍ਹ ਹਾਈਵੇਅ ’ਤੇ ਇੱਕ ਦਰਦਨਾਕ ਹਾਦਸਾ ਵਾਪਰਿਆ। ਮੰਗਲਵਾਰ ਰਾਤ ਸੇਠੀ ਢਾਬੇ ਨੇੜੇ ਇੱਕ ਬਾਈਕ ਸਵਾਰ ਨੌਜਵਾਨ ਫਲਾਈਓਵਰ ਤੋਂ ਕਰੀਬ 18 ਫੁੱਟ ਹੇਠਾਂ ਸੜਕ ’ਤੇ ਜਾ ਡਿੱਗਿਆ। ਗੰਭੀਰ ਹਾਲਤ ਵਿੱਚ ਉਸ ਨੂੰ ਚੰਡੀਗੜ੍ਹ ਦੇ ਸੈਕਟਰ-32 ਸਥਿਤ ਸਰਕਾਰੀ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਹਾਦਸਾ ਰਾਤ ਕਰੀਬ 9 ਤੋਂ 9:15 ਵਜੇ ਵਿਚਕਾਰ ਵਾਪਰਿਆ ਦੱਸਿਆ ਜਾ ਰਿਹਾ ਹੈ। ਚਸ਼ਮਦੀਦਾਂ ਮੁਤਾਬਕ ਫਲਾਈਓਵਰ ਦੇ ਉੱਪਰ ਅਤੇ ਹੇਠਾਂ ਦੋਵੇਂ ਪਾਸਿਆਂ ਟ੍ਰੈਫਿਕ ਚੱਲ ਰਿਹਾ ਸੀ। ਇਸ ਦੌਰਾਨ ਨੌਜਵਾਨ ਅਚਾਨਕ ਫਲਾਈਓਵਰ ਤੋਂ ਹੇਠਾਂ ਡਿੱਗ ਗਿਆ। ਮੌਕੇ ’ਤੇ ਮੌਜੂਦ ਲੋਕਾਂ ਨੇ ਜ਼ਖਮੀ ਨੌਜਵਾਨ ਨੂੰ ਸੰਭਾਲਿਆ ਅਤੇ ਐਂਬੂਲੈਂਸ ਰਾਹੀਂ ਹਸਪਤਾਲ ਪਹੁੰਚਾਇਆ, ਪਰ ਉਸ ਦੀ ਜਾਨ ਨਹੀਂ ਬਚ ਸਕੀ।
ਹਾਦਸੇ ਤੋਂ ਬਾਅਦ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਸ਼ੁਰੂ ਕੀਤੀ। ਨੌਜਵਾਨ ਦੀ ਬਾਈਕ ਫਲਾਈਓਵਰ ਦੇ ਉੱਪਰ ਹੀ ਫਸੀ ਹੋਈ ਮਿਲੀ, ਜਿਸ ਕਾਰਨ ਪੁਲਿਸ ਇਹ ਪਤਾ ਲਗਾ ਰਹੀ ਹੈ ਕਿ ਉਹ ਹੇਠਾਂ ਕਿਵੇਂ ਡਿੱਗਿਆ। ਪੁਲਿਸ ਮੁਤਾਬਕ ਮ੍ਰਿਤਕ ਨੌਜਵਾਨ ਦੀ ਅਜੇ ਪਛਾਣ ਨਹੀਂ ਹੋ ਸਕੀ। ਉਸ ਦੀ ਸ਼ਨਾਖਤ ਲਈ ਆਸ-ਪਾਸ ਦੇ ਇਲਾਕਿਆਂ ਅਤੇ ਹੋਰ ਸਰੋਤਾਂ ਤੋਂ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ।
ਫਿਲਹਾਲ ਇਹ ਸਪੱਸ਼ਟ ਨਹੀਂ ਹੈ ਕਿ ਨੌਜਵਾਨ ਦਾ ਸੰਤੁਲਨ ਵਿਗੜਨ ਕਾਰਨ ਉਹ ਫਲਾਈਓਵਰ ਤੋਂ ਹੇਠਾਂ ਡਿੱਗਿਆ ਜਾਂ ਘਟਨਾ ਪਿੱਛੇ ਕੋਈ ਹੋਰ ਕਾਰਨ ਹੈ। ਪੁਲਿਸ ਵੱਲੋਂ ਹਾਦਸੇ ਦੇ ਸਾਰੇ ਪਹਿਲੂਆਂ ਦੀ ਜਾਂਚ ਕੀਤੀ ਜਾ ਰਹੀ ਹੈ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























