BRICS ਸਮਿਟ ਦਾ ਅੱਜ ਆਖਰੀ ਦਿਨ, ਅੱਜ ਓਪਨ ਮੀਟਿੰਗ ’ਚ ਹੋਵੇਗੀ ਅਹਿਮ ਚਰਚਾ
– PM ਮੋਦੀ 4 ਦੇਸ਼ਾਂ ਦੇ ਆਗੂਆਂ ਨਾਲ ਕਰਨਗੇ ਵੱਖ-ਵੱਖ ਦੁਵੱਲੀ ਮੁਲਾਕਾਤਾਂ
– BRICS ਦੀ ਸਾਂਝੀ ਕਰੰਸੀ ’ਤੇ ਫਿਲਹਾਲ ਕੋਈ ਪ੍ਰਸਤਾਵ ਨਹੀਂ
ਨਵੀਂ ਦਿੱਲੀ, 13 ਸਤੰਬਰ (ਵਿਸ਼ਵ ਵਾਰਤਾ): BRICS ਸਮਿਟ ਦਾ ਅੱਜ ਆਖਰੀ ਦਿਨ ਹੈ। ਸਮਿਟ ਦੇ ਆਖਰੀ ਦਿਨ ਮੈਂਬਰ ਦੇਸ਼ਾਂ ਦੇ ਆਗੂਆਂ ਅਤੇ ਸੱਦੇ ਗਏ ਹੋਰ ਦੇਸ਼ਾਂ ਦੇ ਮੁਖੀਆਂ ਦੀ ਓਪਨ ਮੀਟਿੰਗ ਹੋਵੇਗੀ। ਇਸ ਦੌਰਾਨ BRICS ਨਾਲ ਜੁੜੇ ਕਈ ਅਹਿਮ ਮੁੱਦਿਆਂ ’ਤੇ ਚਰਚਾ ਕੀਤੀ ਜਾਵੇਗੀ। ਮੀਟਿੰਗ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ 4 ਦੇਸ਼ਾਂ ਦੇ ਆਗੂਆਂ ਨਾਲ ਵੱਖ-ਵੱਖ ਦੁਵੱਲੀਆਂ ਬੈਠਕਾਂ ਕਰਨਗੇ। ਇਨ੍ਹਾਂ ਮੁਲਾਕਾਤਾਂ ਦੌਰਾਨ ਦੁਵੱਲੇ ਸਬੰਧਾਂ ਅਤੇ ਆਪਸੀ ਸਹਿਯੋਗ ਨਾਲ ਜੁੜੇ ਮੁੱਦਿਆਂ ’ਤੇ ਗੱਲਬਾਤ ਹੋਣ ਦੀ ਉਮੀਦ ਹੈ।
BRICS ਦੀ ਆਪਣੀ ਸਾਂਝੀ ਕਰੰਸੀ ਦਾ ਫਿਲਹਾਲ ਪ੍ਰਸਤਾਵ ਨਹੀਂ
ਸਮਿਟ ਦੇ ਪਹਿਲੇ ਦਿਨ ਭਾਰਤ ਨੇ ਸਪੱਸ਼ਟ ਕੀਤਾ ਸੀ ਕਿ ਫਿਲਹਾਲ BRICS ਦੇਸ਼ਾਂ ਵੱਲੋਂ ਆਪਣੀ ਕੋਈ ਸਾਂਝੀ ਕਰੰਸੀ ਬਣਾਉਣ ਦਾ ਪ੍ਰਸਤਾਵ ਨਹੀਂ ਹੈ। ਹਾਲਾਂਕਿ, ਵਿਦੇਸ਼ ਮੰਤਰਾਲੇ ਮੁਤਾਬਕ BRICS ਦੇਸ਼ਾਂ ਵਿਚਾਲੇ ਸਥਾਨਕ ਕਰੰਸੀਆਂ ਵਿੱਚ ਵਪਾਰ ਅਤੇ ਭੁਗਤਾਨ ਨੂੰ ਉਤਸ਼ਾਹਿਤ ਕਰਨ ਬਾਰੇ ਚਰਚਾ ਜਾਰੀ ਹੈ। ਇਸ ਦਾ ਉਦੇਸ਼ ਮੈਂਬਰ ਦੇਸ਼ਾਂ ਵਿਚਾਲੇ ਵਪਾਰ ਨੂੰ ਆਸਾਨ ਬਣਾਉਣਾ ਅਤੇ ਲੈਣ-ਦੇਣ ਦੀ ਲਾਗਤ ਘਟਾਉਣਾ ਹੈ।
BRICS ਦੇਸ਼ਾਂ ਨੇ ‘ਨਵੀਂ ਦਿੱਲੀ ਡਿਕਲੇਰੇਸ਼ਨ’ ਨੂੰ ਦਿੱਤੀ ਮਨਜ਼ੂਰੀ
BRICS ਦੇਸ਼ਾਂ ਨੇ ਸ਼ਨੀਵਾਰ ਨੂੰ ਸਮਿਟ ਦੌਰਾਨ ‘ਨਵੀਂ ਦਿੱਲੀ ਡਿਕਲੇਰੇਸ਼ਨ’ ਨੂੰ ਮਨਜ਼ੂਰੀ ਦਿੱਤੀ। ਇਸ ਵਿੱਚ ਕਈ ਅੰਤਰਰਾਸ਼ਟਰੀ ਅਤੇ ਖੇਤਰੀ ਮੁੱਦਿਆਂ ’ਤੇ ਸਾਂਝਾ ਰੁਖ ਪੇਸ਼ ਕੀਤਾ ਗਿਆ। ਡਿਕਲੇਰੇਸ਼ਨ ਵਿੱਚ ਰੂਸ ਅਤੇ ਚੀਨ ਸਮੇਤ BRICS ਦੇਸ਼ਾਂ ਨੇ ਪਹਿਲਗਾਮ ਅੱਤਵਾਦੀ ਹਮਲੇ ਦੀ ਨਿੰਦਾ ਕੀਤੀ। ਮੈਂਬਰ ਦੇਸ਼ਾਂ ਨੇ ਅੱਤਵਾਦੀਆਂ ਨੂੰ ਪਨਾਹ ਦੇਣ ਵਾਲਿਆਂ ਖ਼ਿਲਾਫ਼ ਮਿਲ ਕੇ ਕਾਰਵਾਈ ਕਰਨ ਦੀ ਗੱਲ ਕਹੀ। ਇਸ ਤੋਂ ਇਲਾਵਾ ਅੱਤਵਾਦੀਆਂ ਤੱਕ ਪਹੁੰਚਣ ਵਾਲੀ ਫੰਡਿੰਗ ਰੋਕਣ ਅਤੇ ਉਨ੍ਹਾਂ ਨੂੰ ਸੁਰੱਖਿਅਤ ਠਿਕਾਣੇ ਮੁਹੱਈਆ ਕਰਵਾਉਣ ਵਾਲਿਆਂ ਖ਼ਿਲਾਫ਼ ਕਾਰਵਾਈ ਕਰਨ ’ਤੇ ਵੀ ਸਹਿਮਤੀ ਜਤਾਈ ਗਈ।
BRICS ਦੇਸ਼ਾਂ ਵਿਚਾਲੇ ਸਾਂਝਾ ਬਿਆਨ ਜਾਰੀ ਕਰਨ ’ਤੇ ਇਹ ਸਹਿਮਤੀ ਅਜਿਹੇ ਸਮੇਂ ਬਣੀ ਹੈ ਜਦੋਂ ਪੱਛਮੀ ਏਸ਼ੀਆ ਵਿੱਚ ਤਣਾਅ ਜਾਰੀ ਹੈ ਅਤੇ ਈਰਾਨ, ਸਾਊਦੀ ਅਰਬ ਤੇ UAE ਸਮੇਤ ਖੇਤਰ ਦੇ ਵੱਖ-ਵੱਖ ਦੇਸ਼ਾਂ ਦੇ ਕਈ ਮੁੱਦਿਆਂ ’ਤੇ ਵੱਖਰੇ ਰੁਖ ਹਨ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























