Women’s Asia Cup : ਭਾਰਤ ਨੇ ਬੰਗਲਾਦੇਸ਼ ਨੂੰ ਹਰਾ ਕੇ ਕੀਤਾ ਫਾਈਨਲ ਵਿੱਚ ਪ੍ਰਵੇਸ਼
ਦੀਪਤੀ ਸ਼ਰਮਾ ਨੇ ਲਈਆਂ 3 ਵਿਕਟਾਂ ; ਸ਼ੈਫਾਲੀ ਵਰਮਾ ਨੇ ਖੇਡੀ ਸ਼ਾਨਦਾਰ ਪਾਰੀ
ਚੰਡੀਗੜ੍ਹ, 10 ਸਤੰਬਰ (ਵਿਸ਼ਵ ਵਾਰਤਾ) ਮਹਿਲਾ ਟੀ-20 ਏਸ਼ੀਆ ਕੱਪ ਦਾ ਪਹਿਲਾ ਸੈਮੀਫਾਈਨਲ ਅੱਜ ਭਾਰਤ ਅਤੇ ਬੰਗਲਾਦੇਸ਼ ਵਿਚਾਲੇ ਦੁਬਈ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ ਵਿਖੇ ਖੇਡਿਆ ਗਿਆ, ਜਿੱਥੇ ਭਾਰਤ ਨੇ ਬੰਗਲਾਦੇਸ਼ ਨੂੰ 40 ਦੌੜਾਂ ਨਾਲ ਹਰਾ ਕੇ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ ਹੈ। ਇਸ ਜਿੱਤ ਦੇ ਨਾਲ ਹੀ ਟੀਮ ਇੰਡੀਆ ਮਹਿਲਾ ਟੀ-20 ਏਸ਼ੀਆ ਕੱਪ ਦੇ ਫਾਈਨਲ ਵਿੱਚ ਪਹੁੰਚ ਗਈ ਹੈ।
ਅੱਜ ਖੇਡੇ ਗਏ ਟੀ-20 ਏਸ਼ੀਆ ਕੱਪ ਦੇ ਪਹਿਲੇ ਸੈਮੀਫਾਈਨਲ ਮੁਕਾਬਲੇ ਵਿੱਚ ਬੰਗਲਾਦੇਸ਼ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ , ਜਿਸ ਤੋਂ ਬਾਅਦ ਭਾਰਤ ਨੇ ਬੰਗਲਾਦੇਸ਼ ਸਾਹਮਣੇ 150 ਦੌੜਾਂ ਦਾ ਟੀਚਾ ਰੱਖਿਆ ਸੀ। ਦੁਬਈ ਵਿੱਚ ਖੇਡਦਿਆਂ ਭਾਰਤ ਨੇ 20 ਓਵਰਾਂ ਵਿੱਚ 6 ਵਿਕਟਾਂ ਦੇ ਨੁਕਸਾਨ ‘ਤੇ 149 ਦੌੜਾਂ ਬਣਾਈਆਂ ਸਨ। ਜਵਾਬ ਵਿੱਚ ਬੰਗਲਾਦੇਸ਼ ਦੀ ਟੀਮ 7 ਵਿਕਟਾਂ ਗੁਆ ਕੇ 109 ਦੌੜਾਂ ਹੀ ਬਣਾ ਸਕੀ।
ਭਾਰਤ ਲਈ ਸ਼ੈਫਾਲੀ ਵਰਮਾ ਨੇ 40 ਗੇਂਦਾਂ 64 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ। ਕਪਤਾਨ ਹਰਮਨਪ੍ਰੀਤ ਕੌਰ 24 ਦੌੜਾਂ ‘ਤੇ ਨਾਬਾਦ ਰਹੀ। ਵਿਕਟਕੀਪਰ ਰਿਚਾ ਘੋਸ਼ ਨੇ 21 ਦੌੜਾਂ ਬਣਾਈਆਂ, ਜਦਕਿ ਸਮ੍ਰਿਤੀ ਮੰਧਾਨਾ ਸਿਰਫ਼ 2 ਦੌੜਾਂ ਹੀ ਬਣਾ ਸਕੀ।
ਦੱਸ ਦਈਏ ਕਿ ਭਾਰਤ ਨੇ ਇਸ ਟੂਰਨਾਮੈਂਟ ਵਿੱਚ ਹੁਣ ਤੱਕ ਇੱਕ ਵੀ ਮੈਚ ਨਹੀਂ ਹਾਰਿਆ ਹੈ। ਬੰਗਲਾਦੇਸ਼ ਨੇ ਯੂਏਈ (UAE) ਨੂੰ 34 ਦੌੜਾਂ ਨਾਲ ਹਰਾ ਕੇ ਸੈਮੀਫਾਈਨਲ ਵਿੱਚ ਜਗ੍ਹਾ ਬਣਾਈ ਸੀ।























