ਅੰਮ੍ਰਿਤਪਾਲ ਸਿੰਘ ਦੇ ਸਾਥੀ ਵਰਿੰਦਰ ਸਿੰਘ ਫ਼ੌਜੀ ਨੂੰ ਡੂੰਘਾ ਸਦਮਾ; ਮਾਤਾ ਦਾ ਦੇਹਾਂਤ
ਅੰਤਿਮ ਸਸਕਾਰ ਤੋਂ ਵਾਪਿਸ ਪਰਤਦੇ ਸਮੇਂ ਹੋਏ ਕਾਰ ਹਾਦਸੇ ਦਾ ਸ਼ਿਕਾਰ
ਚੰਡੀਗੜ੍ਹ, 29 ਅਗਸਤ (ਵਿਸ਼ਵ ਵਾਰਤਾ)- ਖਡੂਰ ਸਾਹਿਬ ਤੋਂ ਸਾਂਸਦ ਅੰਮ੍ਰਿਤਪਾਲ ਸਿੰਘ ਦੇ ਸਾਥੀ ਵਰਿੰਦਰ ਸਿੰਘ ਫ਼ੌਜੀ ਨੂੰ ਡੂੰਘਾ ਸਦਮਾ ਲੱਗਾ ਹੈ। ਉਨ੍ਹਾਂ ਦੇ ਮਾਤਾ ਇਕ ਸੜਕ ਹਾਦਸੇ ਦੌਰਾਨ ਅਕਾਲ ਚਲਾਣਾ ਕਰ ਗਏ ਹਨ। ਮਿਲੀ ਜਾਣਕਾਰੀ ਮੁਤਾਬਕ, ਵਰਿੰਦਰ ਸਿੰਘ ਫ਼ੌਜੀ ਦੇ ਮਾਤਾ ਗੁਰਮੀਤ ਸਿੰਘ ਬੁੱਕਣਵਾਲ ਦੇ ਪਿਤਾ ਦੇ ਅੰਤਿਮ ਸੰਸਕਾਰ ‘ਚ ਸ਼ਾਮਲ ਹੋਣ ਲਈ ਪਹੁੰਚੇ ਸਨ।ਪਰ ਅੰਤਿਮ ਸਸਕਾਰ ਤੋਂ ਵਾਪਸ ਆਉਂਦੇ ਸਮੇਂ ਉਨ੍ਹਾਂ ਦੀ ਕਾਰ ਹਾਦਸੇ ਦਾ ਸ਼ਿਕਾਰ ਹੋ ਗਈ। ਇਸ ਹਾਦਸੇ ਵਿਚ ਵਰਿੰਦਰ ਸਿੰਘ ਫ਼ੌਜੀ ਦੇ ਮਾਤਾ ਦਾ ਦਿਹਾਂਤ ਹੋ ਗਿਆ।

ਦੱਸ ਦਈਏ ਕਿ ‘ਵਾਰਿਸ ਪੰਜਾਬ ਦੇ’ ਜਥੇਬੰਦੀ ਮੁਖੀ ਅੰਮ੍ਰਿਤਪਾਲ ਸਿੰਘ ਦੇ ਕਰੀਬੀ ਸਾਥੀ ਗੁਰਮੀਤ ਸਿੰਘ ਬੁੱਕਣਵਾਲਾ ਨੂੰ ਸ਼ਨੀਵਾਰ ਨੂੰ ਵਿਸ਼ੇਸ਼ ਪੈਰੋਲ ‘ਤੇ ਬਠਿੰਡਾ ਜੇਲ੍ਹ ਤੋਂ ਬਾਹਰ ਲਿਆਂਦਾ ਗਿਆ। ਉਨ੍ਹਾਂ ਨੂੰ ਆਪਣੇ ਪਿਤਾ ਬਲਵਿੰਦਰ ਸਿੰਘ ਦੇ ਅੰਤਿਮ ਸੰਸਕਾਰ ਵਿੱਚ ਸ਼ਾਮਲ ਹੋਣ ਦੀ ਇਜਾਜ਼ਤ ਦਿੱਤੀ ਗਈ ਸੀ। ਪੈਰੋਲ ਦੀ ਮਿਆਦ ਪੂਰੀ ਹੋਣ ਤੋਂ ਬਾਅਦ ਪੁਲਿਸ ਉਨ੍ਹਾਂ ਨੂੰ ਵਾਪਸ ਹਿਰਾਸਤ ਵਿੱਚ ਲੈ ਕੇ ਜੇਲ੍ਹ ਲੈ ਗਈ।
ਗੁਰਮੀਤ ਸਿੰਘ ਨੂੰ ਉਨ੍ਹਾਂ ਦੇ ਪੁਸ਼ਤੈਨੀ ਪਿੰਡ ਬੁੱਕਣਵਾਲਾ ਲਿਆਂਦਾ ਗਿਆ, ਜਿੱਥੇ ਉਨ੍ਹਾਂ ਨੇ ਆਪਣੇ ਸਵਰਗੀ ਪਿਤਾ ਦੀਆਂ ਅੰਤਿਮ ਰਸਮਾਂ ਪੂਰੀਆਂ ਕੀਤੀਆਂ ਅਤੇ ਚਿਤਾ ਨੂੰ ਮੁੱਖ ਅਗਨੀ ਦਿੱਤੀ। ਅੰਤਿਮ ਸੰਸਕਾਰ ਵਿੱਚ ਪਰਿਵਾਰਕ ਮੈਂਬਰਾਂ ਤੋਂ ਇਲਾਵਾ ‘ਵਾਰਿਸ ਪੰਜਾਬ ਦੇ’ ਨਾਲ ਜੁੜੇ ਆਗੂ ਅਤੇ ਸਮਰਥਕ ਵੀ ਮੌਜੂਦ ਰਹੇ। ਅੰਮ੍ਰਿਤਪਾਲ ਸਿੰਘ ਦੇ ਮਾਤਾ-ਪਿਤਾ ਵੀ ਅੰਤਿਮ ਸੰਸਕਾਰ ਵਿੱਚ ਸ਼ਾਮਲ ਹੋਏ ਅਤੇ ਦੁਖੀ ਪਰਿਵਾਰ ਨਾਲ ਹਮਦਰਦੀ ਪ੍ਰਗਟ ਕੀਤੀ। ਇਸ ਦੌਰਾਨ ਸੁਰੱਖਿਆ ਦੇ ਮੱਦੇਨਜ਼ਰ ਪੁਲਿਸ ਬਲ ਵੀ ਤੈਨਾਤ ਰਿਹਾ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























