National: ਮਹਾਰਾਸ਼ਟਰ ਦੇ ਅਮਰਾਵਤੀ ‘ਚ ਹਸਪਤਾਲ ਦੇ ਬੱਚਿਆਂ ਵਾਲੇ ਯੂਨਿਟ ਲੱਗੀ ਅੱਗ: 3 ਨਵਜੰਮੇ ਬੱਚਿਆਂ ਦੀ ਮੌਤ
ਮਹਾਰਾਸ਼ਟਰ, 24 ਅਗਸਤ (ਵਿਸ਼ਵ ਵਾਰਤਾ): ਮਹਾਰਾਸ਼ਟਰ ਦੇ ਅਮਰਾਵਤੀ ਜ਼ਿਲ੍ਹਾ ਮਹਿਲਾ ਹਸਪਤਾਲ ਦੇ ਐਨਆਈਸੀਯੂ ਵਿੱਚ ਸੋਮਵਾਰ ਸਵੇਰੇ ਲਗਭਗ 3:30 ਵਜੇ ਅੱਗ ਲੱਗ ਗਈ। ਇਸ ਹਾਦਸੇ ਵਿੱਚ ਤਿੰਨ ਨਵਜੰਮੇ ਬੱਚਿਆਂ ਦੀ ਮੌਤ ਹੋ ਗਈ। ਇਹ ਘਟਨਾ ਹਸਪਤਾਲ ਦੀ ਤੀਜੀ ਮੰਜ਼ਿਲ ‘ਤੇ ਵਾਪਰੀ, ਜਿੱਥੇ ਅੱਗ ਲੱਗਣ ਤੋਂ ਬਾਅਦ ਧੂੰਆਂ ਫੈਲ ਗਿਆ। ਉਸ ਸਮੇਂ, 39 ਨਵਜੰਮੇ ਬੱਚੇ ਐਨਆਈਸੀਯੂ ਵਿੱਚ ਦਾਖਲ ਸਨ। ਅੱਗ ਲੱਗਣ ਤੋਂ ਤੁਰੰਤ ਬਾਅਦ ਡਾਕਟਰਾਂ, ਨਰਸਾਂ ਅਤੇ ਹਸਪਤਾਲ ਦੇ ਸਟਾਫ ਨੇ ਬਚਾਅ ਕਾਰਜ ਸ਼ੁਰੂ ਕੀਤਾ, ਜਿਸ ਨਾਲ ਕਈ ਬੱਚਿਆਂ ਨੂੰ ਸੁਰੱਖਿਅਤ ਬਚਾਇਆ ਗਿਆ।
ਅਮਰਾਵਤੀ ਪੁਲਿਸ ਕਮਿਸ਼ਨਰ ਰਾਕੇਸ਼ ਓਲਾ ਦੇ ਅਨੁਸਾਰ, NICU ਦੇ ਤਿੰਨ ਕਪਾਰਟਮੈਂਟਾਂ ‘ਚੋਂ ਇੱਕ ‘ਚ ਨੌਂ ਨਵਜੰਮੇ ਬੱਚੇ ਸਨ, ਇਨ੍ਹਾਂ ਵਿੱਚੋਂ ਤਿੰਨ ਦੀ ਅੱਗ ਦੇ ਹਾਦਸੇ ‘ਚ ਮੌਤ ਹੋ ਗਈ, ਜਦੋਂ ਕਿ ਬਾਕੀ ਛੇ ਨੂੰ ਇਲਾਜ ਲਈ ਦੂਜੀ ਜਗ੍ਹਾ ‘ਤੇ ਤਬਦੀਲ ਕਰ ਦਿੱਤਾ ਗਿਆ ਹੈ। ਇਨ੍ਹਾਂ ਛੇ ਬੱਚਿਆਂ ਦੀ ਮੌਜੂਦਾ ਸਥਿਤੀ ਬਾਰੇ ਅਜੇ ਤੱਕ ਕੋਈ ਜਾਣਕਾਰੀ ਜਾਰੀ ਨਹੀਂ ਕੀਤੀ ਗਈ ਹੈ। ਪੁਲਿਸ ਦੇ ਅਨੁਸਾਰ, ਸ਼ੁਰੂਆਤੀ ਜਾਂਚ ਤੋਂ ਪਤਾ ਚੱਲਦਾ ਹੈ ਕਿ ਅੱਗ ਐਨਆਈਸੀਯੂ ਵੈਂਟੀਲੇਟਰ ਦੇ ਅੰਦਰ ਧਮਾਕੇ ਕਾਰਨ ਲੱਗੀ ਸੀ। ਘਟਨਾ ਦੇ ਸਹੀ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























