Patiala ’ਚ ਔਰਤ ਦਾ ਗੋਲੀਆਂ ਮਾਰ ਕੇ ਕਤਲ
ਪਟਿਆਲਾ, 20 ਅਗਸਤ (ਵਿਸ਼ਵ ਵਾਰਤਾ): ਪਟਿਆਲਾ ਦੇ ਪਾਤੜਾਂ ਵਿੱਚ ਬੁੱਧਵਾਰ ਰਾਤ ਇੱਕ ਔਰਤ ਦਾ ਬੇਰਹਿਮੀ ਨਾਲ ਕਤਲ ਕਰ ਦੇਣ ਦੀ ਖ਼ਬਰ ਸਾਹਮਣੇ ਆਈ ਹੈ। ਹਮਲਾਵਰਾਂ ਨੇ ਪਹਿਲਾਂ ਔਰਤ ਦੀ ਬੇਸਬਾਲ ਨਾਲ ਕੁੱਟਮਾਰ ਕੀਤੀ ਅਤੇ ਫਿਰ ਦੋ ਗੋਲੀਆਂ ਮਾਰ ਦਿੱਤੀਆਂ। ਇਸ ਦੌਰਾਨ ਗੋਲੀ ਲੱਗਣ ਕਾਰਨ ਇੱਕ ਆਟੋ ਡਰਾਈਵਰ ਵੀ ਜ਼ਖ਼ਮੀ ਹੋ ਗਿਆ ਹੈ, ਜਿਸ ਨੂੰ ਗੰਭੀਰ ਹਾਲਤ ਵਿੱਚ ਰਾਜਿੰਦਰਾ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਉਸ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।
ਘਟਨਾ ਬੁੱਧਵਾਰ ਰਾਤ ਕਰੀਬ 8:15 ਵਜੇ ਪਾਤੜਾਂ ਦੇ ਪੁਰਾਣੇ ਬੱਸ ਅੱਡੇ ’ਤੇ ਵਾਪਰੀ। ਮ੍ਰਿਤਕ ਔਰਤ ਦੀ ਪਛਾਣ ਸੁੰਦਰ ਬਸਤੀ ਵਾਸੀ ਦਿਲਪ੍ਰੀਤ ਕੌਰ ਵਜੋਂ ਹੋਈ ਹੈ, ਜਦਕਿ ਜ਼ਖ਼ਮੀ ਆਟੋ ਡਰਾਈਵਰ ਦੀ ਪਛਾਣ ਲਖਵੀਰ ਸਿੰਘ ਵਜੋਂ ਹੋਈ ਹੈ। ਜਾਣਕਾਰੀ ਮੁਤਾਬਕ ਦਿਲਪ੍ਰੀਤ ਕੌਰ ਬੁੱਧਵਾਰ ਸ਼ਾਮ ਬੱਸ ਤੋਂ ਉਤਰ ਕੇ ਆਪਣੇ ਘਰ ਵੱਲ ਜਾ ਰਹੀ ਸੀ। ਇਸੇ ਦੌਰਾਨ ਹਮਲਾਵਰਾਂ ਨੇ ਉਸ ਨੂੰ ਘੇਰ ਲਿਆ। ਪਹਿਲਾਂ ਉਸ ’ਤੇ ਬੇਸਬਾਲ ਨਾਲ ਹਮਲਾ ਕੀਤਾ ਗਿਆ ਅਤੇ ਬਾਅਦ ਵਿੱਚ ਗੋਲੀਆਂ ਚਲਾ ਦਿੱਤੀਆਂ ਗਈਆਂ।
ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਪਾਤੜਾਂ ਦੇ ਇੰਚਾਰਜ ਇੰਸਪੈਕਟਰ ਗਗਨਦੀਪ ਸਿੰਘ ਪੁਲਿਸ ਟੀਮ ਸਮੇਤ ਮੌਕੇ ’ਤੇ ਪਹੁੰਚੇ ਅਤੇ ਘਟਨਾ ਸਥਾਨ ਦਾ ਜਾਇਜ਼ਾ ਲਿਆ। ਪੁਲਿਸ ਵੱਲੋਂ ਹਮਲਾਵਰਾਂ ਦੀ ਪਛਾਣ ਕਰਨ ਲਈ ਆਸ-ਪਾਸ ਲੱਗੇ CCTV ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ। ਥਾਣਾ ਮੁਖੀ ਗਗਨਦੀਪ ਸਿੰਘ ਸਿੱਧ ਨੇ ਦੱਸਿਆ ਕਿ ਕਤਲ ਦੇ ਕਾਰਨਾਂ ਸਮੇਤ ਵੱਖ-ਵੱਖ ਪਹਿਲੂਆਂ ਤੋਂ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਮੁਲਜ਼ਮਾਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਜਲਦ ਗ੍ਰਿਫ਼ਤਾਰ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/






















