National: ਕੀ ਮੋਦੀ ਕੈਬਨਿਟ ’ਚ ਹੋਣ ਜਾ ਰਿਹਾ ਵੱਡਾ ਫੇਰਬਦਲ ? BJP ਦੀ ਨਵੀਂ ਟੀਮ ਕਾਰਨ ਸਿਆਸੀ ਚਰਚਾ ਹੋਈ ਤੇਜ਼
ਚੰਡੀਗੜ੍ਹ, 18 ਅਗਸਤ (ਵਿਸ਼ਵ ਵਾਰਤਾ): ਭਾਜਪਾ ਦੇ ਕੌਮੀ ਪ੍ਰਧਾਨ ਨਿਤਿਨ ਨਵੀਨ ਨੇ ਸੋਮਵਾਰ ਨੂੰ ਪਾਰਟੀ ਦੀ ਨਵੀਂ ਕੌਮੀ ਟੀਮ ਦਾ ਐਲਾਨ ਕਰ ਦਿੱਤਾ ਹੈ। ਨਵੀਂ ਟੀਮ ਵਿੱਚ ਕੁੱਲ 65 ਮੈਂਬਰ ਸ਼ਾਮਲ ਹਨ। ਇਨ੍ਹਾਂ ਵਿੱਚ 12 ਮਹਿਲਾ ਮੈਂਬਰ ਹਨ, ਜੋ ਕੁੱਲ ਟੀਮ ਦਾ ਕਰੀਬ 18 ਫੀਸਦੀ ਬਣਦੇ ਹਨ। ਨਵੀਂ ਟੀਮ ਵਿੱਚ 14 ਮੈਂਬਰਾਂ ਨੂੰ ਮੁੜ ਜ਼ਿੰਮੇਵਾਰੀ ਦਿੱਤੀ ਗਈ ਹੈ, ਜਦਕਿ 51 ਨਵੇਂ ਚਿਹਰੇ ਸ਼ਾਮਲ ਕੀਤੇ ਗਏ ਹਨ। 73 ਸਾਲਾ ਵਸੁੰਧਰਾ ਰਾਜੇ ਟੀਮ ਦੀ ਸਭ ਤੋਂ ਸੀਨੀਅਰ ਮੈਂਬਰ ਹਨ, ਜਦਕਿ 35 ਸਾਲਾ ਡਾ. ਹੇਮਾਂਗ ਜੋਸ਼ੀ ਸਭ ਤੋਂ ਨੌਜਵਾਨ ਚਿਹਰਾ ਹਨ।
ਭਾਜਪਾ ਦੀ ਨਵੀਂ ਟੀਮ ਵਿੱਚ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਵੀ ਧਿਆਨ ਵਿੱਚ ਰੱਖਿਆ ਗਿਆ ਹੈ। ਉੱਤਰ ਪ੍ਰਦੇਸ਼ ਤੋਂ 8, ਉੱਤਰਾਖੰਡ ਤੋਂ 4, ਗੁਜਰਾਤ ਤੋਂ 4 ਅਤੇ ਪੰਜਾਬ ਤੋਂ 2 ਚਿਹਰਿਆਂ ਨੂੰ ਜਗ੍ਹਾ ਮਿਲੀ ਹੈ। ਇਸ ਤਰ੍ਹਾਂ ਇਨ੍ਹਾਂ ਚਾਰ ਸੂਬਿਆਂ ਤੋਂ ਕੁੱਲ 18 ਮੈਂਬਰ ਨਵੀਂ ਟੀਮ ਦਾ ਹਿੱਸਾ ਬਣੇ ਹਨ। 2027 ਵਿੱਚ ਵਿਧਾਨ ਸਭਾ ਚੋਣਾਂ ਵਾਲੇ 7 ਸੂਬਿਆਂ ਵਿੱਚੋਂ 4 ਸੂਬਿਆਂ ਨੂੰ ਨਵੀਂ ਕੌਮੀ ਟੀਮ ਵਿੱਚ ਨੁਮਾਇੰਦਗੀ ਦਿੱਤੀ ਗਈ ਹੈ। ਹਾਲਾਂਕਿ ਗੋਆ, ਮਣੀਪੁਰ ਅਤੇ ਹਿਮਾਚਲ ਪ੍ਰਦੇਸ਼ ਤੋਂ ਕਿਸੇ ਨੂੰ ਟੀਮ ਵਿੱਚ ਸ਼ਾਮਲ ਨਹੀਂ ਕੀਤਾ ਗਿਆ।
ਹੁਣ ਨਜ਼ਰ ਮੋਦੀ ਕੈਬਨਿਟ ’ਤੇ
ਭਾਜਪਾ ਸੰਗਠਨ ਵਿੱਚ ਵੱਡੇ ਪੱਧਰ ’ਤੇ ਕੀਤੇ ਗਏ ਇਨ੍ਹਾਂ ਬਦਲਾਵਾਂ ਤੋਂ ਬਾਅਦ ਹੁਣ ਸਿਆਸੀ ਹਲਕਿਆਂ ਵਿੱਚ ਮੋਦੀ ਕੈਬਨਿਟ ਵਿੱਚ ਸੰਭਾਵਿਤ ਫੇਰਬਦਲ ਨੂੰ ਲੈ ਕੇ ਚਰਚਾ ਤੇਜ਼ ਹੋ ਗਈ ਹੈ। ਹਾਲਾਂਕਿ ਕੈਬਨਿਟ ਵਿੱਚ ਫੇਰਬਦਲ ਬਾਰੇ ਅਜੇ ਕੋਈ ਅਧਿਕਾਰਤ ਐਲਾਨ ਨਹੀਂ ਹੋਇਆ ਹੈ। ਹੁਣ ਸਭ ਦੀਆਂ ਨਜ਼ਰਾਂ ਇਸ ਗੱਲ ’ਤੇ ਹਨ ਕਿ ਕੀ ਭਾਜਪਾ ਦੀ ਨਵੀਂ ਸੰਗਠਨਾਤਮਕ ਟੀਮ ਤੋਂ ਬਾਅਦ ਕੇਂਦਰੀ ਮੰਤਰੀ ਮੰਡਲ ਵਿੱਚ ਵੀ ਵੱਡੇ ਬਦਲਾਅ ਦੇਖਣ ਨੂੰ ਮਿਲਣਗੇ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























