ਪੰਜਾਬ ‘ਚ ਵਕੀਲਾਂ ਦੀ ਹੜਤਾਲ ਖ਼ਤਮ; ਮੰਗਲਵਾਰ ਤੋਂ ਕੰਮ ‘ਤੇ ਪਰਤਣਗੇ ਵਕੀਲ
ਚੰਡੀਗੜ੍ਹ, 3 ਅਗਸਤ 2026 (ਵਿਸ਼ਵ ਵਾਰਤਾ): ਪੰਜਾਬ ਵਿੱਚ 28 ਦਿਨਾਂ ਤੋਂ ਚੱਲ ਰਹੀ ਵਕੀਲਾਂ ਦੀ ਹੜਤਾਲ ਖ਼ਤਮ ਹੋ ਗਈ ਹੈ। ਹੁਣ ਵਕੀਲ ਮੰਗਲਵਾਰ ਤੋਂ ਕੰਮ ‘ਤੇ ਪਰਤਣਗੇ। ਇਸ ਨੂੰ ਲੈ ਕੇ ਜ਼ਿਲ੍ਹੇ ਦੀਆਂ ਬਾਰ ਐਸੋਸੀਏਸ਼ਨਾਂ ਵੱਲੋਂ ਖ਼ੁਸ਼ੀ ਪ੍ਰਗਟਾਈ ਗਈ।
ਇਹ ਫ਼ੈਸਲਾ ਸੋਮਵਾਰ ਨੂੰ ਉਸ ਵੇਲੇ ਸਾਹਮਣੇ ਆਇਆ, ਜਦੋਂ ਪੰਜਾਬ – ਹਰਿਆਣਾ ਬਾਰ ਕੌਂਸਲ ਦੀ ਅਗਵਾਈ ਹੇਠ ਪੰਜਾਬ, ਹਰਿਆਣਾ, ਚੰਡੀਗੜ੍ਹ ਅਤੇ ਹਿਮਾਚਲ ਪ੍ਰਦੇਸ਼ ਦੇ ਬਾਰ ਆਗੂਆਂ ਦੇ ਵਫ਼ਦ ਨੇ ਨਵੀਂ ਦਿੱਲੀ ਸਥਿਤ ਸੁਪਰੀਮ ਕੋਰਟ ਵਿੱਚ ਭਾਰਤ ਦੇ ਮੁੱਖ ਜੱਜ ਜਸਟਿਸ ਸੂਰਿਆ ਕਾਂਤ ਅਤੇ ਰਾਸ਼ਟਰੀ ਕਾਨੂੰਨੀ ਸੇਵਾਵਾਂ ਅਥਾਰਟੀ (NALSA) ਦੇ ਕਾਰਜਕਾਰੀ ਪ੍ਰਧਾਨ ਜਸਟਿਸ ਵਿਕਰਮ ਨਾਥ ਨਾਲ ਮੁਲਾਕਾਤ ਕੀਤੀ।
ਮਿਲੀ ਜਾਣਕਾਰੀ ਅਨੁਸਾਰ ਇਸ ਮੀਟਿੰਗ ਦੌਰਾਨ ਬਾਰ ਕੌਂਸਲ ਅਤੇ ਵੱਖ-ਵੱਖ ਬਾਰ ਐਸੋਸੀਏਸ਼ਨਾਂ ਦੇ ਨੁਮਾਇੰਦਿਆਂ ਨੇ ਮੌਜੂਦਾ ਐੱਲ.ਏ.ਡੀ.ਸੀ.ਐੱਸ. (LADCS) ਵਿਵਸਥਾ ਨੂੰ ਲੈ ਕੇ ਆਪਣੀਆਂ ਚਿੰਤਾਵਾਂ ਅਤੇ ਇਤਰਾਜ਼ ਰੱਖੇ। ਵਫ਼ਦ ਦਾ ਕਹਿਣਾ ਸੀ ਕਿ ਮੌਜੂਦਾ ਵਿਵਸਥਾ ਦਾ ਸੁਤੰਤਰ ਤੌਰ ‘ਤੇ ਵਕਾਲਤ ਕਰਨ ਵਾਲੇ ਵਕੀਲਾਂ ‘ਤੇ ਮਾੜਾ ਅਸਰ ਪੈ ਰਿਹਾ ਹੈ। ਉਨ੍ਹਾਂ ਨੇ ਪਹਿਲਾਂ ਪਾਸ ਕੀਤੇ ਮਤਿਆਂ ਦਾ ਹਵਾਲਾ ਦਿੰਦਿਆਂ ਯੋਜਨਾ ਦੀ ਸਮੀਖਿਆ ਅਤੇ ਮੁੜ-ਗਠਨ ਦੀ ਮੰਗ ਕੀਤੀ।
ਭਾਰਤ ਦੇ ਮੁੱਖ ਜੱਜ (CJI) ਜਸਟਿਸ ਸੂਰਿਆ ਕਾਂਤ ਨੇ ਐਲਾਨ ਕੀਤਾ ਹੈ ਕਿ ਸਤੰਬਰ 2026 ਤੋਂ ਬਾਅਦ ਲੀਗਲ ਏਡ ਡਿਫੈਂਸ ਕੌਂਸਲ (LADCS) ਵਿੱਚ ਨਵੀਆਂ ਨਿਯੁਕਤੀਆਂ ਨਹੀਂ ਕੀਤੀਆਂ ਜਾਣਗੀਆਂ। ਇਸ ਦੇ ਨਾਲ ਹੀ ਨਵੀਂ ਵਿਵਸਥਾ ਲਾਗੂ ਹੋਣ ਤੱਕ ਕਾਨੂੰਨੀ ਸਹਾਇਤਾ ਦੇ ਮਾਮਲਿਆਂ ਦੀ ਵੰਡ ਜ਼ਿਲ੍ਹਾ ਅਤੇ ਸੈਸ਼ਨ ਜੱਜ, ਪੰਜਾਬ ਅਤੇ ਹਰਿਆਣਾ ਬਾਰ ਕੌਂਸਲ ਅਤੇ ਸਬੰਧਤ ਬਾਰ ਐਸੋਸੀਏਸ਼ਨ ਨਾਲ ਸਲਾਹ-ਮਸ਼ਵਰਾ ਕਰਕੇ ਕਰਨਗੇ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























