ਰਵੀ ਸਿੰਘ ਖ਼ਾਲਸਾ ਨੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨਾਲ ਕੀਤੀ ਮੁਲਾਕਾਤ
ਚੰਡੀਗੜ੍ਹ, 22 ਜੁਲਾਈ (ਵਿਸ਼ਵ ਵਾਰਤਾ) ਖ਼ਾਲਸਾ ਏਡ ਸੰਸਥਾ ਦੇ ਸੰਸਥਾਪਕ ਰਵੀ ਸਿੰਘ ਖ਼ਾਲਸਾ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਦੀ ਲੰਡਨ ਯੂਕੇ ਫੇਰੀ ਦੌਰਾਨ ਉਨ੍ਹਾਂ ਨਾਲ ਵਿਸ਼ੇਸ਼ ਮੁਲਾਕਾਤ ਕੀਤੀ। ਇਸ ਦੌਰਾਨ ਰਵੀ ਸਿੰਘ ਖ਼ਾਲਸਾ ਨੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਖ਼ਾਲਸਾ ਏਡ ਵੱਲੋਂ ਵੱਖ-ਵੱਖ ਦੇਸ਼ਾਂ ਅੰਦਰ ਕੀਤੇ ਜਾ ਮਨੁੱਖਤਾ ਦੀ ਭਲਾਈ ਦੇ ਕਾਰਜਾਂ ਬਾਰੇ ਵਿਸਥਾਰ ਵਿੱਚ ਜਾਣਕਾਰੀ ਸਾਂਝੀ ਕੀਤੀ।
ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਰਵੀ ਸਿੰਘ ਖ਼ਾਲਸਾ ਨੂੰ ਖ਼ਾਲਸਾ ਏਡ ਵੱਲੋਂ ਚੱਲ ਰਹੇ ਸੇਵਾ ਕਾਰਜਾਂ ਦੇ ਨਾਲ ਪੰਜਾਬ ਅੰਦਰ ਸਿਹਤ ਸਹੂਲਤਾਂ ਵਾਲਾ ਹਸਪਤਾਲ ਖੋਲ੍ਹਣ ਲਈ ਸਲਾਹ ਦਿੱਤੀ। ਇਸ ਤੋਂ ਇਲਾਵਾ ਉਹਨਾਂ ਨੇ ਪੰਜਾਬ ਦੇ ਬਾਰਡਰ ਇਲਾਕੇ ਵਿੱਚ ਸਕੂਲ ਸਥਾਪਤ ਕਰਨ ਲਈ ਵੀ ਕਿਹਾ। ਦੋਵਾਂ ਵਿਚਕਾਰ ਸਰਬੱਤ ਦੇ ਭਲੇ ਦੇ ਸਿਧਾਂਤ ਤਹਿਤ ਸੇਵਾ ਕਾਰਜ ਹੋਰ ਵੀ ਪ੍ਰਭਾਵਸ਼ਾਲੀ ਢੰਗ ਨਾਲ ਜਾਰੀ ਰੱਖਣ ਸਬੰਧੀ ਵਿਚਾਰ ਵੀ ਹੋਈ।
ਇਸ ਮੌਕੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦੇ ਮੀਡੀਆ ਸਲਾਹਕਾਰ ਜਸਕਰਨ ਸਿੰਘ, ਸਥਾਨਕ ਸਿੱਖ ਨੌਜਵਾਨ ਆਦਿ ਵੀ ਹਾਜ਼ਰ ਸਨ।























