Big News: ਪਾਣੀ ਦੀ ਡਿੱਗੀ ‘ਚ ਡੁੱਬਣ ਕਾਰਨ ਭੈਣ-ਭਾਈ ਦੀ ਮੌਤ
ਅਬੋਹਰ, 12 ਜੁਲਾਈ (ਵਿਸ਼ਵ ਵਾਰਤਾ) – ਅਬੋਹਰ ਸਬ-ਡਿਵੀਜ਼ਨ ਅਧੀਨ ਆਉਂਦੇ ਪਿੰਡ ਮੌਜਗੜ੍ਹ ਵਿੱਚ ਇੱਕ ਦੁਖਦਾਈ ਘਟਨਾ ਵਾਪਰੀ ਹੈ। ਜਿੱਥੇ ਭੈਣ-ਭਾਈ ਦੀ ਪਾਣੀ ਦੀ ਡਿੱਗੀ ‘ਚ ਡੁੱਬਣ ਕਾਰਨ ਮੌਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਦੋਵੇਂ ਮ੍ਰਿਤਕ ਬੱਚੇ ਚਚੇਰੇ ਭੈਣ-ਭਾਈ ਸਨ, ਜਿਨ੍ਹਾਂ ਦੀ ਉਮਰ 8 ਅਤੇ 6 ਸਾਲ ਦੀ ਸੀ। ਮਿਲੀ ਜਾਣਕਾਰੀ ਅਨੁਸਾਰ ਦੋਵੇਂ ਬੱਚੇ ਪੂਰੇ ਦਿਨ ਤੋਂ ਲਾਪਤਾ ਸਨ। ਉਨ੍ਹਾਂ ਦੀਆਂ ਲਾਸ਼ਾਂ ਦੇਰ ਰਾਤ ਤੱਕ ਪਾਣੀ ਦੀ ਡਿੱਗੀ ‘ਚੋਂ ਬਰਾਮਦ ਕੀਤੀਆਂ ਗਈਆਂ।
ਦੱਸਿਆ ਜਾ ਰਿਹਾ ਹੈ ਜਦੋਂ ਦੋਵੇਂ ਬੱਚੇ ਮਿਲ ਨਹੀਂ ਰਹੇ ਸਨ ਤਾਂ ਉਨ੍ਹਾਂ ਦੀ ਭਾਲ ਕੀਤੀ ਜਾਣ ਲੱਗੀ। ਜਿਸ ਤੋਂ ਬਾਅਦ ਸਭ ਤੋਂ ਪਹਿਲਾਂ ਕੁੜੀ ਲਵਪ੍ਰੀਤ (8) ਦੀ ਲਾਸ਼ ਪਾਣੀ ਦੀ ਡਿੱਗੀ ਵਿੱਚ ਤੈਰਦੀ ਹੋਈ ਮਿਲੀ। ਉਸ ਤੋਂ ਬਾਅਦ ਸਿਧਾਂਤ (6) ਦੀ ਲਾਸ਼ ਵੀ ਉਸੇ ਡਿੱਗੀ ‘ਚੋਂ ਬਰਾਮਦ ਕੀਤੀ ਗਈ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਬੱਚਾ ਆਪਣੀਆਂ ਪੰਜ ਭੈਣਾਂ ਦਾ ਇਕਲੌਤਾ ਭਰਾ ਸੀ।
ਘਟਨਾ ਦੀ ਸੂਚਨਾ ਮਿਲਦੇ ਹੀ ਖੁਈਆਂ ਸਰਵਰ ਥਾਣੇ ਦੀ ਪੁਲਿਸ ਟੀਮ ਮੌਕੇ ‘ਤੇ ਪਹੁੰਚੀ। ਪੁਲਿਸ ਨੇ ਦੋਵਾਂ ਬੱਚਿਆਂ ਦੀਆਂ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਦੇ ਮੁਰਦਾਘਰ ਵਿੱਚ ਭੇਜ ਦਿੱਤਾ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਗੱਲ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਕਿ ਬੱਚੇ ਖੇਡਦੇ ਹੋਏ ਟੈਂਕੀ ‘ਤੇ ਕਿਵੇਂ ਪਹੁੰਚੇ ਅਤੇ ਹਾਦਸਾ ਕਿਵੇਂ ਵਾਪਰਿਆ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























