ਟਰੰਪ ਦੇ ਰਾਸ਼ਟਰਪਤੀ ਬਣਨ ਦੀ ਭਵਿੱਖਬਾਣੀ ਕਰਨ ਵਾਲੇ ਜੋਤਿਸ਼ੀ ਵੀ ਫੇਲ੍ਹ
ਜੈਤੋ, 25 ਮਈ (ਰਘੁਨੰਦਨ ਪਰਾਸ਼ਰ) – ਲੋਕ ਸਭਾ ਦੀਆਂ ਆਮ ਚੋਣਾਂ ਸੰਪੰਨ ਹੋਣ ਉਪਰੰਤ ਦੇਸ਼ ਦੇ ਕਈ ਚੋਟੀ ਦੇ ਜੋਤਸ਼ੀਆਂ ਨੇ ਵੱਖ-ਵੱਖ ਭਵਿੱਖਬਾਣੀ ਕੀਤੀ ਸੀ। ਅਮਰੀਕਾ ਵਿਚ ਰਾਸ਼ਟਰਪਤੀ ਅਹੁਦੇ ਦੀਆਂ ਚੋਣਾਂ ਵਿਚ ਡੋਨਾਲਡ ਟਰੰਪ ਦੇ ਚੁਣੇ ਜਾਣ ਦੀ ਭਵਿੱਖਬਾਣੀ ਦਾ ਦਾਅਵਾ ਕਰਨ ਵਾਲੇ ਮੁੱਖ ਜੋਤਿਸ਼ੀ ਸੰਜੇ ਚੌਧਰੀ ਨੇ ਭਵਿੱਖਬਾਣੀ ਕੀਤੀ ਸੀ ਕਿ ਇਸ ਵਾਰੀ ਭਾਰਤ ਵਿਚ ਤਿਸੰਕੂ ਸੰਸਦ ਸਾਹਮਣੇ ਆਵੇਗੀ, ਜੋ ਕਿ ਇਹਨਾਂ ਦੀ ਭਵਿੱਖਬਾਣੀ ਪੂਰੀ ਤਰਾਂ ਨਾਲ ਝੂਠੀ ਸਾਬਿਤ ਹੋਈ ਹੈ। ਇਸੇ ਤਰਾਂ ਹੀ ਜੋਤਸ਼ੀਚਾਰੀਆ ਪੰਡਿਤ ਰਿਸ਼ੀ ਦ੍ਰਿਵੇਦੀ ਨੇ ਭਵਿੱਖਬਾਣੀ ਕੀਤੀ ਸੀ ਕਿ ਕਾੰਗਰਸ ਦੀ ਤਾਕਤ ਵਧੇਗੀ ਪਰ ਸਰਕਾਰ ਨਹੀਂ ਬਣੇਗੀ। ਉਧਰ ਜੋਤਸ਼ੀ ਵਿਮਲ ਜੈਨ ਦਾ ਕਹਿਣਾ ਸੀ ਕਿ ਜੋੜ-ਤੋੜ ਨਾਲ ਬਣੀ ਸਰਕਾਰ ਪੂਰਾ ਕਰੇਗੀ ਸਾਸ਼ਨਕਾਲ।
ਪੰਡਤ ਦੀਪਕ ਮਾਲਵੀਯ, ਜੋਤਿਸ਼ ਸ਼ਾਸਤਰੀ ਤੇ ਵਾਸਤੂ ਸਲਾਹਕਾਰ ਦਾ ਕਹਿਣਾ ਸੀ ਕਿ ਬ੍ਰਹਿਸਪਤੀ ਤੇ ਸ਼ਨੀ ਗ੍ਰਹਿਆਂ ਦੇ ਪ੍ਰਭਾਵ ਦੇ ਚਲਦਿਆਂ ਨਵੇਂ ਸਮੀਕਰਨ ਦੇਖਣ ਨੂੰ ਮਿਲਣਗੇ। ਪ੍ਰਬਲ ਗ੍ਰਹਿਆਂ ਦੇ ਚਲਦਿਆਂ ਕੇਂਦਰ ਦੀ ਸੱਤਾ ਉਤੇ ਪ੍ਰਧਾਨ ਮੰਤਰੀ ਮੋਦੀ ਦੇ ਕਾਬਜ ਹੋਣ ਦੀ ਸੰਭਾਵਨਾ ਵੱਧ ਹੈ ਪਰ ਇਹ ਸਭ ਆਸਾਨੀ ਨਾਲ ਨਹੀਂ ਹੋਵੇਗਾ। ਉੱਧਰ ਨਰਿੰਦਰ ਮੋਦੀ ਨੇ ਆਪਣੇ ਆਪ ਨੂੰ ਦੇਸ਼ ਦੇ ਉੱਘੇ ਮੰਨਣ ਵਾਲੇ ਕਈ ਜੋਤਿਸ਼ੀਆਂ ਦੀ ਭਵਿੱਖਬਾਣੀ ਨੂੰ ਆਪਣੇ ਜਾਦੂ ਨਾਲ ਫੇਲ੍ਹ ਕਰ ਦਿੱਤਾ ਹੈ। ਇਹਨਾਂ ਜੋਤਸ਼ਿਆਂ ਦੀਆਂ ਭਵਿੱਖਬਾਣੀਆਂ ਦੀ ਹਵਾ ਨਿਕਲਣ ਤੇ ਲੋਕਾਂ ਵਿਚ ਵੱਖ-ਵੱਖ ਤਰਾਂ ਦੀਆਂ ਚਰਚਾਵਾਂ ਹੋ ਰਹੀਆਂ ਹਨ।