Punjab: ਕੀ ਖਤਮ ਹੋ ਜਾਵੇਗਾ ਪੰਜਾਬ ਕਾਂਗਰਸ ਦਾ ਕਾਟੋ-ਕਲੇਸ਼ ! ਰਾਹੁਲ ਗਾਂਧੀ ਅੱਜ ਪਰਤਣਗੇ ਵਿਦੇਸ਼ ਤੋਂ
ਚੰਡੀਗੜ੍ਹ, 7 ਜੁਲਾਈ (ਵਿਸ਼ਵ ਵਾਰਤਾ): ਜਿਵੇਂ-ਜਿਵੇਂ ਵਿਧਾਨ ਸਭਾ ਦੀਆਂ ਚੋਣਾਂ ਨੇੜੇ ਆ ਰਹੀਆਂ ਹਨ ਪੰਜਾਬ ਕਾਂਗਰਸ ਦੇ ਆਗੂਆਂ ਦਾ ਆਪਸੀ ਕਾਟੋ-ਕਲੇਸ਼ ਵਧਦਾ ਹੀ ਜਾ ਰਿਹਾ ਹੈ। ਕਾਂਗਰਸ ਹਾਈਕਮਾਂਡ ਨੇ ਆਗੂਆਂ ਦਾ ਇਹ ਕੈਲਾਸ਼ ਖਤਮ ਕਰਨ ਲਈ ਪਹਿਲਾਂ ਦਿੱਲੀ ‘ਚ ਸਾਰੇ ਆਗੂਆਂ ਨਾਲ ਵਿਚਾਰ-ਵਟਾਂਦਰਾ ਕੀਤਾ ਅਤੇ ਰਾਜਾ ਵੜਿੰਗ ਦੀ ਅਗਵਾਈ ‘ਚ ਹੀ ਲੀਡਰਸ਼ਿਪ ਨੂੰ ਅੱਗੇ ਵਧਾਉਣ ਦਾ ਫੈਸਲਾ ਲਿਆ ਅਤੇ ਦੂਜੇ ਆਗੂਆਂ ਨੂੰ ਵੀ ਵੱਡੀਆਂ ਜ਼ਿੰਮੇਵਾਰੀਆਂ ਸੌਂਪੀਆਂ। ਪਰ ਕਾਂਗਰਸ ਹਾਈਕਮਾਂਡ ਦੇ ਇਸ ਫੈਸਲੇ ਨਾਲ ਕਲੇਸ਼ ਖਤਮ ਹੋਣ ਦੀ ਥਾਂ ਹੋਰ ਵੱਧ ਗਿਆ। ਪਰ ਹੁਣ ਉਮੀਦ ਹੈ ਕਿ ਇਹ ਮਸਲਾ ਖਤਮ ਹੋ ਸਕਦਾ ਹੈ ਕਿਉਂਕਿ ਅੱਜ ਰਾਹੁਲ ਗਾਂਧੀ ਵਿਦੇਸ਼ ਦੌਰੇ ਤੋਂ ਪਰਤ ਰਹੇ ਹਨ। ਉਨ੍ਹਾਂ ਨਾਲ ਮੀਟਿੰਗ ਕਰਨ ਲਈ ਚੰਨੀ ਧੜੇ ਦੇ ਲੀਡਰ ਵੀ ਦਿੱਲੀ ‘ਚ ਹੀ ਹਨ।
ਜ਼ਿਕਰਯੋਗ ਹੈ ਕਿ ਕੇਂਦਰੀ ਲੀਡਰਸ਼ਿਪ ਵੱਲੋਂ ਵੜਿੰਗ ਨੂੰ ਸੂਬਾ ਕਾਂਗਰਸ ਪ੍ਰਧਾਨ ਦੇ ਅਹੁਦੇ ‘ਤੇ ਬਰਕਰਾਰ ਰੱਖਣ ਦੇ ਫੈਸਲੇ ਤੋਂ ਬਾਅਦ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸ਼ੁੱਕਰਵਾਰ 3 ਜੁਲਾਈ ਨੂੰ ਆਪਣੇ ਨਿਵਾਸ ਸਥਾਨ ‘ਤੇ ਸਮਰਥਕਾਂ ਦੀ ਬੈਠਕ ਬੁਲਾਈ ਸੀ। ਚੰਨੀ ਵੱਲੋਂ ਬੁਲਾਈ ਗਈ ਇਸ ਬੈਠਕ ਵਿੱਚ ਕਾਂਗਰਸ ਦੇ ਕਈ ਸੀਨੀਅਰ ਆਗੂਆਂ, ਸਾਬਕਾ ਮੰਤਰੀਆਂ, ਸਾਬਕਾ ਵਿਧਾਇਕਾਂ ਅਤੇ ਮੌਜੂਦਾ ਵਿਧਾਇਕਾਂ ਨੇ ਸ਼ਿਰਕਤ ਕੀਤੀ। ਚੰਨੀ ਦੇ ਸਮਰਥਕਾਂ ਨੇ ਇੱਕਜੁੱਟਤਾ ਪ੍ਰਗਟਾਈ ਅਤੇ ਮੰਗ ਕੀਤੀ ਕਿ ਮੌਜੂਦਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਥਾਂ ਉਨ੍ਹਾਂ ਦੇ ਆਗੂ (ਚੰਨੀ) ਨੂੰ ਸੂਬਾ ਕਾਂਗਰਸ ਦਾ ਮੁਖੀ ਨਿਯੁਕਤ ਕੀਤਾ ਜਾਵੇ।
ਜਿਸ ਤੋਂ ਬਾਅਦ ਸਥਿਤੀ ਨੂੰ ਵਿਗੜਦੇ ਦੇਖ ਕੇ, ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਨਿੱਜੀ ਤੌਰ ‘ਤੇ ਚੰਨੀ ਨੂੰ ਫ਼ੋਨ ਕੀਤਾ। ਉਨ੍ਹਾਂ ਨੇ ਚੰਨੀ ਨੂੰ ਗੁੱਸੇ ਵਿੱਚ ਆ ਕੇ ਕੰਮ ਨਾ ਕਰਨ ਦੀ ਸਲਾਹ ਦਿੱਤੀ। ਖੜਗੇ ਨੇ ਮਾਮਲਾ ਹੱਲ ਕਰਨ ਲਈ ਇੱਕ ਜਾਂ ਦੋ ਦਿਨਾਂ ਦੇ ਅੰਦਰ ਚੰਨੀ ਨੂੰ ਨਿੱਜੀ ਤੌਰ ‘ਤੇ ਮਿਲਣ ਦਾ ਵਾਅਦਾ ਕੀਤਾ। ਜਿਸ ਦੀ ਜ਼ਿੰਮੇਵਾਰੀ ਹੁਣ ਪੰਜਾਬ ਕਾਂਗਰਸ ਦੇ ਇੰਚਾਰਜ ਭੁਪੇਸ਼ ਬਘੇਲ ਨੂੰ ਸੌਂਪੀ ਗਈ ਸੀ। ਬੀਤੇ ਦਿਨ ਜਦੋਂ ਭੁਪੇਸ਼ ਬਘੇਲ ਚੰਡੀਗੜ੍ਹ ਪਹੁੰਚੇ ਸੀ ਤਾਂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਧੜੇ ਨੇ ਪਾਰਟੀ ਇੰਚਾਰਜ ਭੂਪੇਸ਼ ਬਘੇਲ ਨਾਲ ਹੋਣ ਵਾਲੀ ਬੈਠਕ ਤੋਂ ਦੂਰੀ ਬਣਾ ਲਈ ਸੀ। ਸੂਤਰਾਂ ਮੁਤਾਬਕ ਇਹ ਵੀ ਜਾਣਕਾਰੀ ਸਾਹਮਣੇ ਆਈ ਸੀ ਕਿ ਚੰਨੀ ਧੜੇ ਦੇ ਆਗੂ ਹਾਈਕਮਾਂਡ ਨਾਲ ਮੁਲਾਕਾਤ ਲਈ ਦਿੱਲੀ ਰਵਾਨਾ ਹੋ ਗਏ ਹਨ। ਪਰ ਇਸ ਬਾਰੇ ਕੋਈ ਅਪਡੇਟ ਅਜੇ ਸਾਹਮਣੇ ਨਹੀਂ ਆਈ ਹੈ। ਉਹ ਅੱਜ ਰਾਹੁਲ ਗਾਂਧੀ ਵਿਦੇਸ਼ ਦੌਰੇ ਤੋਂ ਪਰਤਣ ਤੋਂ ਬਾਅਦ ਉਨ੍ਹਾਂ ਨਾਲ ਮੀਟਿੰਗ ਕਰ ਸਕਦੇ ਹਨ। ਏਹ੍ਹ ਆਗੂ ਰਾਜਾ ਵੜਿੰਗ ਦੇ ਬਿਆਨਾਂ ‘ਤੇ ਇੱਕ ਡੋਜ਼ੀਅਰ ਲੈ ਕੇ ਦਿੱਲੀ ਪਹੁੰਚੇ ਹਨ। ਉੱਥੇ, ਉਹ ਸੰਸਦ ਮੈਂਬਰ ਸੁਖਜਿੰਦਰ ਰੰਧਾਵਾ ਅਤੇ ਪ੍ਰਗਟ ਸਿੰਘ ਸਮੇਤ ਕਾਂਗਰਸ ਹਾਈ ਕਮਾਂਡ ਨੂੰ ਮਿਲਣਗੇ।
ਇਸ ਦੌਰਾਨ, ਕਾਂਗਰਸ ਇੰਚਾਰਜ ਅਤੇ ਛੱਤੀਸਗੜ੍ਹ ਦੇ ਸਾਬਕਾ ਮੁੱਖ ਮੰਤਰੀ ਭੁਪੇਸ਼ ਬਘੇਲ ਨੇ ਵੀ ਪੰਜਾਬ ਵਿੱਚ ਡੇਰਾ ਲਾਇਆ ਹੋਇਆ ਹੈ। ਉਹ ਪੰਜ ਦਿਨ ਇੱਥੇ ਰਹਿਣਗੇ। ਸੋਮਵਾਰ ਨੂੰ, ਉਹ ਚੰਡੀਗੜ੍ਹ ਪਹੁੰਚੇ ਅਤੇ ਪਹਿਲਾਂ ਕਾਂਗਰਸ ਵਿਧਾਇਕ ਦਲ ਦੇ ਨੇਤਾ ਪ੍ਰਤਾਪ ਬਾਜਵਾ ਨਾਲ ਮੁਲਾਕਾਤ ਕੀਤੀ। ਫਿਰ ਉਹ ਰਾਜਾ ਵੜਿੰਗ ਨੂੰ ਮਿਲਣ ਗਏ ਅਤੇ ਉਹ ਹੁਣ ਆਪਣੀਆਂ ਅੱਗੇ ਦੀਆਂ ਗਤੀਵਿਧੀਆਂ ਵੀ ਜਾਰੀ ਰੱਖਣਗੇ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























