ਮਾਨਸੂਨ ਨੇ ਫੜੀ ਰਫ਼ਤਾਰ ; ਭਾਰੀ ਮੀਂਹ ਕਾਰਨ ਮੁੰਬਈ ’ਚ ਰੇਲ ਮਾਰਗ ’ਤੇ ਜ਼ਮੀਨ ਖਿਸਕਣ ਕਾਰਨ 15 ਤੋਂ ਵੱਧ ਰੇਲਗੱਡੀਆਂ ਰੱਦ
ਚੰਡੀਗੜ੍ਹ, 6 ਜੁਲਾਈ(ਵਿਸ਼ਵ ਵਾਰਤਾ) ਦੇਸ਼ ਦੇ ਕਈ ਰਾਜਾਂ ਵਿੱਚ ਮਾਨਸੂਨ ਨੇ ਤੇਜ਼ੀ ਫੜ ਲਈ ਹੈ। ਮਹਾਰਾਸ਼ਟਰ ਵਿੱਚ, ਸੋਮਵਾਰ ਸਵੇਰੇ ਲਗਾਤਾਰ ਮੀਂਹ ਪੈਣ ਕਾਰਨ ਮੁੰਬਈ-ਪੁਣੇ ਰੇਲ ਮਾਰਗ ਦੇ ਭੋਰ ਘਾਟ ਭਾਗ ਦੇ ਨਾਲ ਦੋ ਥਾਵਾਂ ‘ਤੇ ਜ਼ਮੀਨ ਖਿਸਕ ਗਈ। ਤਿੰਨੋਂ ਰੇਲਵੇ ਲਾਈਨਾਂ ਪ੍ਰਭਾਵਿਤ ਹੋਈਆਂ, ਜਿਸ ਕਾਰਨ 20 ਰੇਲਗੱਡੀਆਂ ਨੂੰ ਰੱਦ ਕੀਤਾ ਗਿਆ ਹੈ।
ਇਸ ਦੌਰਾਨ, ਜ਼ਮੀਨ ਖਿਸਕਣ ਨਾਲ ਮੁੰਬਈ-ਪੁਣੇ ਐਕਸਪ੍ਰੈਸਵੇਅ ਵੀ ਬੰਦ ਹੋ ਗਿਆ। ਕੱਲ੍ਹ ਤੋਂ ਮੁੰਬਈ ਵਿੱਚ 75 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਹਵਾਵਾਂ ਚੱਲ ਰਹੀਆਂ ਹਨ, ਜਿਸ ਨਾਲ ਦਰੱਖਤ ਉਖੜ ਗਏ। ਬੀਐਮਸੀ ਨੇ ਅੱਜ ਸਾਰੇ ਸਰਕਾਰੀ, ਨਿੱਜੀ ਅਤੇ ਨਗਰ ਨਿਗਮ ਸਕੂਲਾਂ ਅਤੇ ਕਾਲਜਾਂ ਲਈ ਛੁੱਟੀ ਦਾ ਐਲਾਨ ਕੀਤਾ ਹੈ।
ਮੀਂਹ ਦੇ ਕਾਰਨ ਹੀ ਮੁੰਬਈ ਦੇ ਮਾਨਖੁਰਦ ਦੇ ਜਨਤਾ ਨਗਰ ਵਿੱਚ ਇੱਕ ਇਮਾਰਤ ਦੇ ਡਿੱਗਣ ਕਾਰਨ ਛੇ ਲੋਕਾਂ ਦੀ ਮੌਤ ਹੋ ਗਈ, ਜਿਨ੍ਹਾਂ ਵਿੱਚ 5 ਬੱਚੇ ਅਤੇ ਇੱਕ ਔਰਤ ਸ਼ਾਮਲ ਹੈ। ਇਹ ਘਟਨਾ ਐਤਵਾਰ ਰਾਤ ਲਗਭਗ 8:30 ਵਜੇ ਵਾਪਰੀ। ਜ਼ਖਮੀਆਂ ਅਤੇ ਹੋਰ ਪ੍ਰਭਾਵਿਤ ਨਿਵਾਸੀਆਂ ਨੂੰ ਇਲਾਜ ਲਈ ਗੋਵੰਡੀ ਅਤੇ ਘਾਟਕੋਪਰ ਦੇ ਹਸਪਤਾਲਾਂ ਵਿੱਚ ਦਾਖਲ ਕਰਵਾਇਆ ਗਿਆ।























