ਚੀਨ ਦੀ ਸਭ ਤੋਂ ਉੱਚੀ ਇਮਾਰਤ ਨਾਲ ਟਕਰਾਇਆ ਜਹਾਜ਼
- 109 ਮੰਜ਼ਿਲਾ ਇਮਾਰਤ ਕਰਵਾਈ ਖਾਲੀ
ਬੀਜਿੰਗ , 26 ਜੂਨ 2026 (ਵਿਸ਼ਵ ਵਾਰਤਾ): ਚੀਨ ਦੀ ਰਾਜਧਾਨੀ ਬੀਜਿੰਗ ਵਿੱਚ ਇੱਕ ਛੋਟਾ ਜਹਾਜ਼ ਉੱਥੋਂ ਦੀ ਸਭ ਤੋਂ ਉੱਚੀ ਇਮਾਰਤ ਨਾਲ ਟਕਰਾ ਗਿਆ। ਸਾਵਧਾਨੀ ਵਜੋਂ ਪੂਰੀ ਇਮਾਰਤ ਖਾਲੀ ਕਰਵਾ ਲਈ ਗਈ ਹੈ। ਫਿਲਹਾਲ ਕਿਸੇ ਤਰਾਂ ਦੇ ਜਾਨੀ ਨੁਕਸਾਨ ਦੀ ਅਧਿਕਾਰਤ ਜਾਣਕਾਰੀ ਨਹੀਂ ਹੈ। ਹਾਦਸੇ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ।
ਸੋਸ਼ਲ ਮੀਡੀਆ ‘ਤੇ ਬੀਜਿੰਗ ਤੋਂ ਆਈਆਂ ਵੀਡੀਓਜ਼ ਵਿੱਚ 109 ਮੰਜ਼ਿਲਾ ਸੀਆਈਟੀਆਈਸੀ (CITIC) ਟਾਵਰ, ਜਿਸ ਨੂੰ ‘ਚਾਈਨਾ ਜ਼ੁਨ’ ਵੀ ਕਿਹਾ ਜਾਂਦਾ ਹੈ, ਉਸ ਤੋਂ ਮਲਬਾ ਡਿੱਗਦਾ ਹੋਇਆ ਅਤੇ ਜ਼ਮੀਨ ‘ਤੇ ਜਹਾਜ਼ ਦਾ ਪਿਛਲਾ ਹਿੱਸਾ ਤੇ ਇੱਕ ਟੈਕਸੀ ਦੀ ਟੁੱਟੀ ਹੋਈ ਖਿੜਕੀ ਦਿਖਾਈ ਦਿੱਤੀ। ਸੂਚਨਾ ਮਿਲਣ ‘ਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਵੀ ਮੌਕੇ ‘ਤੇ ਪਹੁੰਚੀਆਂ। ਇਸ ਦੇ ਨਾਲ ਹੀ ਪੁਲਿਸ ਦੀਆਂ ਗੱਡੀਆਂ ਅਤੇ ਐਂਬੂਲੈਂਸ ਵੀ ਉੱਥੇ ਮੌਜੂਦ ਦਿਖਾਈ ਦਿੱਤੀਆਂ।
ਇਹ ਚੀਨ ਵਿੱਚ ਬਣਿਆ ਇੱਕ ਹਲਕਾ ਜਹਾਜ਼ ਬੀ-12ਪੀਪੀ (B-12PP) ਮਾਡਲ ਸੀ। ਜਹਾਜ਼ ਵਿੱਚ ਸਿਰਫ਼ ਪਾਇਲਟ ਹੀ ਸਵਾਰ ਸੀ। ਉਸਨੇ ਹਾਦਸੇ ਤੋਂ ਕਰੀਬ ਅੱਧਾ ਘੰਟਾ ਪਹਿਲਾਂ ਸ਼ਿਫੋਸੀ ਏਅਰਪੋਰਟ ਤੋਂ ਉਡਾਣ ਭਰੀ ਸੀ ਅਤੇ ਸ਼ਾਮ 5:40 ਵਜੇ ਪਰਤ ਕੇ ਲੈਂਡਿੰਗ ਦੀ ਤਿਆਰੀ ਕਰ ਰਿਹਾ ਸੀ। ਇਸੇ ਦੌਰਾਨ ਉਸਦਾ ਸੰਪਰਕ ਟੁੱਟ ਗਿਆ ਅਤੇ ਉਹ ਤੈਅ ਰਸਤੇ ਤੋਂ ਭਟਕ ਗਿਆ। ਜਹਾਜ਼ ਵਿੱਚ ਸਵਾਰ ਲੋਕਾਂ ਬਾਰੇ ਫਿਲਹਾਲ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























