Cricket: ਨਾਬਾਲਿਗ ਹੋਣ ਕਾਰਨ ਵੈਭਵ ਸੂਰਿਆਵੰਸ਼ੀ ਨੂੰ ICC ਦੀ ਬਾਲ ਸੁਰੱਖਿਆ ਨੀਤੀ ਦੇ ਅਧਾਰ ‘ਤੇ ਮਿਲਣਗੀਆਂ ਇਹ ਸਹੂਲਤਾਂ
ਨਵੀਂ ਦਿੱਲੀ, 25 ਜੂਨ (ਵਿਸ਼ਵ ਵਾਰਤਾ): ਨਾਬਾਲਿਗ ਹੋਣ ਕਾਰਨ ਵੈਭਵ ਸੂਰਿਆਵੰਸ਼ੀ ਨੂੰ ICC ਦੀ ਬਾਲ ਸੁਰੱਖਿਆ ਨੀਤੀ ਦੇ ਅਧਾਰ ‘ਤੇ ਸੁਰੱਖਿਆ ਦੇ ਮੱਦੇਨਜ਼ਰ ਕਈ ਸਹੂਲਤਾਂ ਮਿਲਣਗੀਆਂ। ICC ਦੀ ਬਾਲ ਸੁਰੱਖਿਆ ਨੀਤੀ ਦੇ ਅਧਾਰ ‘ਤੇ 15 ਸਾਲਾ ਕ੍ਰਿਕਟਰ ਵੈਭਵ ਸੂਰਿਆਵੰਸ਼ੀ ਨੂੰ ਇੰਗਲੈਂਡ ਅਤੇ ਆਇਰਲੈਂਡ ਦੌਰੇ ਦੌਰਾਨ ਇੱਕ ਵੱਖਰਾ ਚੇਂਜਿੰਗ ਰੂਮ ਮਿਲੇਗਾ। ਇਸ ਦੌਰਾਨ ਉਸਦਾ ਪਰਿਵਾਰ ਵੀ ਟੀਮ ਹੋਟਲ ਵਿੱਚ ਉਸਦੇ ਨਾਲ ਹੀ ਰਹੇਗਾ ਅਤੇ BCCI ਵੈਭਵ ਸੂਰਿਆਵੰਸ਼ੀ ਦੇ ਪਰਿਵਾਰ ਦਾ ਖਰਚਾ ਵੀ ਚੁੱਕੇਗਾ।
ਇਹ ਫੈਸਲਾ ICC (ਅੰਤਰਰਾਸ਼ਟਰੀ ਕ੍ਰਿਕਟ ਕੌਂਸਲ) ਬਾਲ ਸੁਰੱਖਿਆ ਨੀਤੀ ਦੇ ਕਾਰਨ ਲਿਆ ਗਿਆ ਹੈ, ਜਿਸਨੂੰ ICC ਦੁਆਰਾ 2019 ਵਿੱਚ ਲਾਗੂ ਕੀਤਾ ਗਿਆ ਸੀ। ਸੁਰੱਖਿਆ ਨੀਤੀ ਵਿੱਚ ਅੰਡਰ-16 ਖਿਡਾਰੀਆਂ ਲਈ ਵੱਖਰੇ ਨਿਯਮ ਹਨ। ਇਸਦਾ ਉਦੇਸ਼ ਨਾਬਾਲਗ ਖਿਡਾਰੀਆਂ ਨੂੰ ਸਰੀਰਕ ਸ਼ੋਸ਼ਣ, ਮਾਨਸਿਕ ਪਰੇਸ਼ਾਨੀ ਅਤੇ ਕਿਸੇ ਵੀ ਹੋਰ ਕਿਸਮ ਦੇ ਸ਼ੋਸ਼ਣ ਤੋਂ ਬਚਾਉਣਾ ਹੈ। ਇਸ ਦੇ ਤਹਿਤ, ਖਿਡਾਰੀਆਂ ਲਈ ਇੱਕ ਸੁਰੱਖਿਅਤ ਅਤੇ ਸਿਹਤਮੰਦ ਵਾਤਾਵਰਣ ਬਣਾਇਆ ਜਾਂਦਾ ਹੈ।
ਪਰ ਇੱਥੇ ਇਹ ਦੱਸ ਦਈਏ ਕਿ ਵੈਭਵ ਮੈਚਾਂ ਦੌਰਾਨ ਦੂਜੇ ਖਿਡਾਰੀਆਂ ਨਾਲ ਰਹਿ ਸਕੇਗਾ ਅਤੇ ਟੀਮ ਮੀਟਿੰਗਾਂ ਵਿੱਚ ਵੀ ਹਿੱਸਾ ਲਵੇਗਾ। ਭਾਰਤ-ਆਇਰਲੈਂਡ T20 ਲੜੀ 26 ਜੂਨ ਤੋਂ ਸ਼ੁਰੂ ਹੋਵੇਗੀ। ਇਸ ਤੋਂ ਬਾਅਦ, ਟੀਮ ਇੰਡੀਆ 1 ਜੁਲਾਈ ਨੂੰ ਇੰਗਲੈਂਡ ਦਾ ਦੌਰਾ ਕਰੇਗੀ, ਜਿੱਥੇ ਪੰਜ T20I ਅਤੇ ਤਿੰਨ ODI ਖੇਡੇ ਜਾਣਗੇ।
ਦੱਸ ਦਈਏ ਕਿ ਆਈਸੀਸੀ ਅਤੇ ਇੰਗਲੈਂਡ ਕ੍ਰਿਕਟ ਬੋਰਡ (ਈਸੀਬੀ) ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ, ਸਿਰਫ਼ 16 ਸਾਲ ਤੋਂ ਵੱਧ ਉਮਰ ਦੇ ਖਿਡਾਰੀ ਹੀ ਸੀਨੀਅਰ ਟੀਮ ਖਿਡਾਰੀਆਂ ਨਾਲ ਡ੍ਰੈਸਿੰਗ ਰੂਮ ਵਿੱਚ ਕੱਪੜੇ ਬਦਲ ਸਕਦੇ ਹਨ। ਇਸ ਉਮਰ ਤੋਂ ਘੱਟ ਉਮਰ ਦੇ ਖਿਡਾਰੀਆਂ ਲਈ ਵੱਖਰੇ ਕੱਪੜੇ ਬਦਲਣ ਵਾਲੇ ਕਮਰੇ ਹੁੰਦੇ ਹਨ। ਵੈਭਵ ਇਸ ਸਮੇਂ 15 ਸਾਲ ਦਾ ਹੈ ਅਤੇ ਇਸ ਨਿਯਮ ਦੇ ਤਹਿਤ, ਹੁਣ ਇੰਗਲੈਂਡ ਅਤੇ ਆਇਰਲੈਂਡ ਦੇ ਦੌਰਿਆਂ ਦੌਰਾਨ ਆਪਣੇ ਕਮਰੇ ਵਿੱਚ ਕੱਪੜੇ ਬਦਲੇਗਾ। ਹਾਲਾਂਕਿ, ਉਹ ਟੀਮ ਮੀਟਿੰਗਾਂ ਅਤੇ ਮੈਚਾਂ ਦੌਰਾਨ ਭਾਰਤੀ ਡਰੈਸਿੰਗ ਰੂਮ ਵਿੱਚ ਬੈਠ ਸਕਦਾ ਹੈ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























