ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਂਸਕੀ ਨੇ ਪੋਲੈਂਡ ਦਾ ਸਰਵਉੱਚ ਸਨਮਾਨ ਕੀਤਾ ਵਾਪਿਸ
– ਜਾਣੋ ਵਜ੍ਹਾ
ਯੂਕਰੇਨ, 21 ਜੂਨ 2026 (ਵਿਸ਼ਵ ਵਾਰਤਾ): ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਪੋਲੈਂਡ ਦਾ ਸਰਵਉੱਚ ਰਾਜ ਸਨਮਾਨ ‘ਆਰਡਰ ਆਫ ਦਿ ਵ੍ਹਾਈਟ ਈਗਲ’ ਵਾਪਿਸ ਮੋੜ ਦਿੱਤਾ ਹੈ। ਜ਼ੇਲੇਂਸਕੀ ਨੇ ਇਹ ਕਦਮ ਪੋਲੈਂਡ ਦੇ ਰਾਸ਼ਟਰਪਤੀ ਕੈਰੋਲ ਨਾਵਰੋਕੀ ਵੱਲੋਂ ਇਹ ਸਨਮਾਨ ਉਨ੍ਹਾਂ ਤੋਂ ਵਾਪਸ ਲੈਣ ਦੀ ਘੋਸ਼ਣਾ ਤੋਂ ਬਾਅਦ ਚੁੱਕਿਆ ਹੈ। ਦੋਵਾਂ ਦੇਸ਼ਾਂ ਵਿਚਾਲੇ ਦੂਜੇ ਵਿਸ਼ਵ ਯੁੱਧ ਦੇ ਇਤਿਹਾਸ ਨਾਲ ਜੁੜਿਆ ਵਿਵਾਦ ਇੱਕ ਵਾਰ ਫਿਰ ਸਾਹਮਣੇ ਆ ਗਿਆ ਹੈ।
ਨਵਰੋਤਸਕੀ ਨੇ ਜ਼ੇਲੇਂਸਕੀ ਤੋਂ ਸਨਮਾਨ ਵਾਪਸ ਲੈਣ ਦਾ ਫੈਸਲਾ ਉਦੋਂ ਕੀਤਾ, ਜਦੋਂ ਯੂਕਰੇਨ ਨੇ ਆਪਣੀ ਸਪੈਸ਼ਲ ਆਪ੍ਰੇਸ਼ਨਜ਼ ਫੋਰਸ ਦੀ ਇੱਕ ਯੂਨਿਟ ਦਾ ਨਾਂ ਯੂਕਰੇਨੀਅਨ ਇੰਸਰਜੈਂਟ ਆਰਮੀ (UPA) ਦੇ ਨਾਂ ‘ਤੇ ਰੱਖਿਆ। ਪੋਲੈਂਡ UPA ‘ਤੇ ਦੂਜੇ ਵਿਸ਼ਵ ਯੁੱਧ ਦੌਰਾਨ ਹਜ਼ਾਰਾਂ ਪੋਲਿਸ਼ ਨਾਗਰਿਕਾਂ ਦੀ ਹੱਤਿਆ ਦਾ ਦੋਸ਼ ਲਗਾਉਂਦਾ ਹੈ।
ਜ਼ੇਲੇਂਸਕੀ ਨੇ ਸੋਸ਼ਲ ਮੀਡੀਆ ਪੋਸਟ ਵਿੱਚ ਕਿਹਾ ਕਿ ਇਹ ਸਨਮਾਨ ਯੂਕਰੇਨੀ ਜਨਤਾ ਅਤੇ ਸੈਨਾ ਲਈ ਸੀ। ਉਨ੍ਹਾਂ ਨੇ ਸਨਮਾਨ ਪੋਲੈਂਡ ਦੇ ਰਾਸ਼ਟਰਪਤੀ ਦਫ਼ਤਰ ਨੂੰ ਵਾਪਸ ਭੇਜਣ ਦੀ ਜਾਣਕਾਰੀ ਦਿੰਦੇ ਹੋਏ ਇਸ ਦੀਆਂ ਤਸਵੀਰਾਂ ਅਤੇ ਡਾਕ ਰਸੀਦ ਵੀ ਸਾਂਝੀ ਕੀਤੀ। ਇਸ ਤੋਂ ਪਤਾ ਲੱਗਦਾ ਹੈ ਕਿ ਇਸਨੂੰ ਪੋਲੈਂਡ ਦੇ ਰਾਸ਼ਟਰਪਤੀ ਦਫ਼ਤਰ ਨੂੰ ਭੇਜਿਆ ਜਾ ਰਿਹਾ ਹੈ। ਯੂਕਰੇਨ ਦੇ ਤਿੰਨ ਅਧਿਕਾਰੀਆਂ ਨੇ ਵੀ ਰਾਸ਼ਟਰਪਤੀ ਨਾਲ ਇਕਜੁੱਟਤਾ ਦਿਖਾਉਂਦੇ ਹੋਏ ਪੋਲੈਂਡ ਤੋਂ ਮਿਲੇ ਸਨਮਾਨ ਵਾਪਸ ਕਰਨ ਦਾ ਫੈਸਲਾ ਕੀਤਾ ਹੈ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























