Breaking: ਪੰਜਾਬ ਪੁਲਿਸ ਖਾਲਿਸਤਾਨ ਜ਼ਿੰਦਾਬਾਦ ਫੋਰਸ ਨਾਲ ਜੁੜੇ ਦੋ ਕਾਰਕੁਨਾਂ ਨੂੰ ਮਲੇਸ਼ੀਆ ਤੋਂ ਡਿਪੋਰਟ ਕਰਵਾ ਕੇ ਭਾਰਤ ਲਿਆਈ
ਚੰਡੀਗੜ੍ਹ, 19 ਜੂਨ (ਵਿਸ਼ਵ ਵਾਰਤਾ): ਪੰਜਾਬ ਪੁਲਿਸ ਵੱਲੋਂ ਕੇਂਦਰੀ ਏਜੰਸੀਆਂ ਅਤੇ ਰੋਇਲ ਮਲੇਸ਼ੀਆ ਪੁਲਿਸ (RMP) ਦੇ ਸਹਿਯੋਗ ਨਾਲ, ਇੱਕ ਵੱਡੀ ਖੁਫ਼ੀਆ ਕਾਰਵਾਈ ਦੌਰਾਨ ਪਾਬੰਦੀਸ਼ੁਦਾ ਖਾਲਿਸਤਾਨ ਜ਼ਿੰਦਾਬਾਦ ਫੋਰਸ (KZF) ਨਾਲ ਜੁੜੇ ਦੋ ਲੋੜੀਂਦੇ ਕਾਰਕੁਨਾਂ ਨੂੰ ਮਲੇਸ਼ੀਆ ਤੋਂ ਡਿਪੋਰਟ ਕਰਵਾ ਕੇ ਭਾਰਤ ਲਿਆਂਦਾ ਗਿਆ ਹੈ। ਮੁਲਜ਼ਮਾਂ ਨੂੰ ਦਿੱਲੀ ਦੇ ਆਈ.ਜੀ.ਆਈ. ਹਵਾਈ ਅੱਡੇ ‘ਤੇ ਪਹੁੰਚਣ ‘ਤੇ ਪੰਜਾਬ ਪੁਲਿਸ ਵੱਲੋਂ ਗ੍ਰਿਫ਼ਤਾਰ ਕਰ ਲਿਆ ਗਿਆ ਅਤੇ ਅਗਲੇਰੀ ਜਾਂਚ ਲਈ ਪੰਜਾਬ ਲਿਆਂਦਾ ਗਿਆ।
ਗ੍ਰਿਫ਼ਤਾਰ ਕੀਤੇ ਗਏ ਦੋਵੇਂ ਮੁਲਜ਼ਮ ਗੁਰਵਿੰਦਰ ਸਿੰਘ ਵਾਸੀ ਅੰਬਾਲਾ ਅਤੇ ਮਨਜੀਤ ਸਿੰਘ ਵਾਸੀ ਪਟਿਆਲਾ, ਦੋਵੇਂ ਮਲੇਸ਼ੀਆ ਵਿੱਚ ਬੈਠੇ KZF ਸਮਰਥਿਤ ਅੱਤਵਾਦੀ ਮਾਡਿਊਲ ਦੇ ਅਹਿਮ ਕੜੀ ਸਨ, ਜੋ ਪੰਜਾਬ ਵਿੱਚ ਡੈਡੀਕੇਟਿਡ ਫ੍ਰੇਟ ਕੋਰੀਡੋਰ (DFC) ਸਮੇਤ ਮਹੱਤਵਪੂਰਨ ਰੇਲਵੇ ਢਾਂਚਿਆਂ ਨੂੰ ਨਿਸ਼ਾਨਾ ਬਣਾਉਣ ਦੀ ਸਾਜ਼ਿਸ਼ ਵਿੱਚ ਸ਼ਾਮਲ ਸਨ।
ਇਸ ਤੋਂ ਪਹਿਲਾਂ, ਪੰਜਾਬ ਪੁਲਿਸ ਵੱਲੋਂ 23 ਜਨਵਰੀ 2026 ਨੂੰ ਸਰਹਿੰਦ, ਜ਼ਿਲ੍ਹਾ ਫਤਿਹਗੜ੍ਹ ਸਾਹਿਬ ਨੇੜੇ ਰੇਲਵੇ ਫਰੇਟ ਕੋਰੀਡੋਰ ਲਾਈਨ ‘ਤੇ ਹੋਏ ਆਈ.ਈ.ਡੀ. (IED) ਧਮਾਕੇ ਅਤੇ 27 ਅਪ੍ਰੈਲ 2026 ਨੂੰ ਸ਼ੰਭੂ ਜ਼ਿਲ੍ਹਾ ਪਟਿਆਲਾ ਨੇੜੇ ਇਸੇ ਕੋਰੀਡੋਰ ‘ਤੇ ਧਮਾਕੇ ਦੀ ਕੋਸ਼ਿਸ਼ ਕਰਨ ਵਾਲੇ ਅੱਤਵਾਦੀ ਮਾਡਿਊਲ ਦਾ ਪਰਦਾਫ਼ਾਸ਼ ਕੀਤਾ ਸੀ।
ਜਾਂਚ ਦੌਰਾਨ ਚਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਵੱਡੀ ਮਾਤਰਾ ਵਿੱਚ ਹਥਿਆਰ ਅਤੇ ਗੋਲਾ-ਬਾਰੂਦ ਬਰਾਮਦ ਹੋਇਆ ਸੀ, ਜਿਸ ਵਿੱਚ RPG ਲਾਂਚਰ, IED, RDX, ਹੈਂਡ ਗ੍ਰਨੇਡ ਸਮੇਤ ਆਧੁਨਿਕ ਪਿਸਤੌਲਾਂ ਸ਼ਾਮਲ ਹਨ।
ਅਗਲੇਰੀ ਜਾਂਚ ਦੌਰਾਨ ਇਸ ਅੰਤਰਰਾਸ਼ਟਰੀ ਸਾਜ਼ਿਸ਼ ਵਿੱਚ ਮਲੇਸ਼ੀਆ ਵਿੱਚ ਬੈਠੇ KZF ਹੈਂਡਲਰਾਂ ਅਤੇ ਵਿੱਤੀ ਸਹਿਯੋਗੀਆਂ ਦੀ ਭੂਮਿਕਾ ਸਾਹਮਣੇ ਆਈ ਹੈ। ਡਿਪੋਰਟ ਕੀਤੇ ਗਏ ਦੋਵੇਂ ਮੁਲਜ਼ਮਾਂ ਦੀ ਭੂਮਿਕਾ ਵਿਦੇਸ਼ੀ ਬੈਂਕ ਖਾਤਿਆਂ ਰਾਹੀਂ KZF ਆਪਰੇਟਿਵਜ਼ ਤੱਕ ਅੱਤਵਾਦੀ ਫੰਡ ਪਹੁੰਚਾਉਣ, ਪੰਜਾਬ ਵਿੱਚ ਅੱਤਵਾਦੀ ਹਮਲਿਆਂ ਦੀਆਂ ਸਾਜ਼ਿਸ਼ਾਂ ਨੂੰ ਅੰਜਾਮ ਦੇਣ ਅਤੇ ਸੂਬੇ ਦੀ ਅਮਨ-ਕਾਨੂੰਨ ਵਿਵਸਥਾ ਨੂੰ ਭੰਗ ਕਰਨ ਲਈ ਵਿੱਤੀ ਸਹਾਇਤਾ ਮੁਹੱਈਆ ਕਰਵਾਉਣ ਵਿੱਚ ਅਹਿਮ ਪਾਈ ਗਈ ਹੈ।
ਦੋਵਾਂ ਮੁਲਜ਼ਮਾਂ ਨੂੰ 18 ਜੂਨ 2026 ਨੂੰ ਪਟਿਆਲਾ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿੱਥੇ ਅਦਾਲਤ ਨੇ ਉਨ੍ਹਾਂ ਨੂੰ ਅਗਲੇਰੀ ਪੁੱਛਗਿੱਛ ਲਈ ਪੁਲਿਸ ਰਿਮਾਂਡ ‘ਤੇ ਭੇਜ ਦਿੱਤਾ ਹੈ। ਇਸ ਪੂਰੇ ਨੈੱਟਵਰਕ ਦਾ ਪਰਦਾਫਾਸ਼ ਕਰਨ ਅਤੇ ਸਾਜ਼ਿਸ਼ ਵਿੱਚ ਸ਼ਾਮਲ ਬਾਕੀ ਲੋਕਾਂ ਦੀ ਪਛਾਣ ਕਰਨ ਲਈ ਜਾਂਚ ਜਾਰੀ ਹੈ।
ਇਹ ਜਾਣਕਾਰੀ ਪੰਜਾਬ ਪੁਲਿਸ ਦੇ ਡੀਜੀਪੀ ਗੌਰਵ ਯਾਦਵ ਵੱਲੋਂ ਦਿੱਤੀ ਗਈ। ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ ਅੱਤਵਾਦੀ ਨੈੱਟਵਰਕਾਂ ਨੂੰ ਜੜ੍ਹੋਂ ਖਤਮ ਕਰਨ, ਅੱਤਵਾਦ ਨੂੰ ਮਿਲਣ ਵਾਲੀ ਵਿੱਤੀ ਮਦਦ ਦੇ ਨੈੱਟਵਰਕ ਨੂੰ ਤੋੜਨ ਅਤੇ ਪੰਜਾਬ ਦੀ ਸ਼ਾਂਤੀ, ਸੁਰੱਖਿਆ ਅਤੇ ਭਾਈਚਾਰਕ ਸਾਂਝ ਨੂੰ ਹਰ ਕੀਮਤ ‘ਤੇ ਕਾਇਮ ਰੱਖਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/




















