Punjab: ਕਾਂਗਰਸ ਹਾਈਕਮਾਨ ਵੱਲੋਂ ਲਾਏ ਗਏ ਆਬਜ਼ਰਵਰ ਅੱਜ ਤੋਂ ਪੰਜਾਬ ਦੇ ਲੀਡਰਾਂ ਨਾਲ ਕਰਨਗੇ ਮੀਟਿੰਗਾਂ
– ਰਣਨੀਤੀ ਸਬੰਧੀ ਆਗੂਆਂ ਤੋਂ ਲੈਣਗੇ ਫੀਡਬੈਕ
– ਮੀਟਿੰਗਾਂ ਦੀ ਰਿਪੋਰਟ ਕਾਂਗਰਸ ਹਾਈ ਕਮਾਂਡ ਨੂੰ ਸੌਂਪੀ ਜਾਵੇਗੀ
ਚੰਡੀਗੜ੍ਹ, 16 ਜੂਨ (ਵਿਸ਼ਵ ਵਾਰਤਾ): ਪੰਜਾਬ ਕਾਂਗਰਸ ਦੇ ਸੰਗਠਨ ਅਤੇ ਭਵਿੱਖੀ ਰਣਨੀਤੀ ਨੂੰ ਲੈ ਕੇ ਦਿੱਲੀ ਵਿੱਚ ਤਿੰਨ ਦਿਨਾਂ ਦਾ ਮਹੱਤਵਪੂਰਨ ਵਿਚਾਰ-ਚਰਚਾ ਸੈਸ਼ਨ ਅੱਜ ਤੋਂ ਸ਼ੁਰੂ ਹੋ ਰਿਹਾ ਹੈ। 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਨੂੰ ਧਿਆਨ ਵਿੱਚ ਰੱਖਦਿਆਂ ਇਸ ਮੀਟਿੰਗ ਨੂੰ ਕਾਫੀ ਅਹਿਮ ਮੰਨਿਆ ਜਾ ਰਿਹਾ ਹੈ। ਅੱਜ ਤੋਂ ਹਾਈਕਮਾਨ ਵੱਲੋਂ ਲਾਏ ਗਏ ਆਬਜ਼ਰਵਰਾਂ ਵੱਲੋਂ ਪੰਜਾਬ ਕਾਂਗਰਸ ਦੇ ਵੱਖ-ਵੱਖ ਲੀਡਰਾਂ ਨਾਲ ਗੱਲਬਾਤ ਕੀਤੀ ਜਾਵੇਗੀ।
ਪੰਜਾਬ ਮਾਮਲਿਆਂ ਦੀ ਸਮੀਖਿਆ ਲਈ ਕਾਂਗਰਸ ਹਾਈ ਕਮਾਂਡ ਵੱਲੋਂ ਨਿਯੁਕਤ ਆਬਜ਼ਰਵਰਾਂ ਵਿੱਚ ਅਜੈ ਮਾਕਨ, ਮੀਨਾਕਸ਼ੀ ਨਟਰਾਜਨ ਅਤੇ ਭਜਨ ਲਾਲ ਜਾਟਵ ਸ਼ਾਮਲ ਹਨ। ਇਹ ਨਿਗਰਾਨ ਤਿੰਨ ਦਿਨਾਂ ਤੱਕ ਵੱਖ-ਵੱਖ ਆਗੂਆਂ ਨਾਲ ਮੀਟਿੰਗਾਂ ਕਰਨਗੇ। ਦੱਸ ਦਈਏ ਕਿ ਮੀਟਿੰਗਾਂ ਦੇ ਪਹਿਲੇ ਪੜਾਅ ਵਿੱਚ ਪੰਜਾਬ ਦੇ ਸੰਸਦ ਮੈਂਬਰਾਂ ਨਾਲ ਚਰਚਾ ਹੋਵੇਗੀ। ਇਸ ਤੋਂ ਬਾਅਦ ਮੌਜੂਦਾ ਅਤੇ ਸਾਬਕਾ ਵਿਧਾਇਕਾਂ, ਜ਼ਿਲ੍ਹਾ ਕਾਂਗਰਸ ਪ੍ਰਧਾਨਾਂ ਅਤੇ ਸੀਨੀਅਰ ਆਗੂਆਂ ਨਾਲ ਵੱਖ-ਵੱਖ ਬੈਠਕਾਂ ਕੀਤੀਆਂ ਜਾਣਗੀਆਂ।
ਸੂਤਰਾਂ ਅਨੁਸਾਰ, ਸੰਗਠਨ ਦੀ ਮੌਜੂਦਾ ਸਥਿਤੀ, ਧੜੇਬੰਦੀ, ਜ਼ਮੀਨੀ ਪੱਧਰ ਦੀ ਸਰਗਰਮੀ ਅਤੇ ਆਉਣ ਵਾਲੀਆਂ ਚੋਣਾਂ ਦੀ ਰਣਨੀਤੀ ਸਬੰਧੀ ਆਗੂਆਂ ਤੋਂ ਫੀਡਬੈਕ ਲਿਆ ਜਾਵੇਗਾ। ਤਿੰਨ ਦਿਨਾਂ ਦੀਆਂ ਮੀਟਿੰਗਾਂ ਮਗਰੋਂ ਨਿਗਰਾਨ ਆਪਣੀ ਵਿਸਥਾਰਤ ਰਿਪੋਰਟ ਕਾਂਗਰਸ ਹਾਈ ਕਮਾਂਡ ਨੂੰ ਸੌਂਪਣਗੇ। ਮੰਨਿਆ ਜਾ ਰਿਹਾ ਹੈ ਕਿ ਇਸ ਰਿਪੋਰਟ ਦੇ ਆਧਾਰ ‘ਤੇ ਪੰਜਾਬ ਕਾਂਗਰਸ ਵਿੱਚ ਸੰਗਠਨਾਤਮਕ ਤਬਦੀਲੀਆਂ ਅਤੇ ਚੋਣੀ ਰਣਨੀਤੀ ਤੈਅ ਕੀਤੀ ਜਾ ਸਕਦੀ ਹੈ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























