National: ਦੇਸ਼ ਦੇ ਇਸ ਵੱਡੇ ਬੈਂਕ ‘ਤੇ ਲੱਗੀ ਪਾਬੰਦੀ, ਪੜ੍ਹੋ ਕੀ ਹੈ ਮਾਮਲਾ
ਚੰਡੀਗੜ੍ਹ, 16 ਜੂਨ (ਵਿਸ਼ਵ ਵਾਰਤਾ): ਭਾਰਤੀ ਰਿਜ਼ਰਵ ਬੈਂਕ (RBI) ਨੇ ਮੁੰਬਈ ਸਥਿਤ ਮੋਗਾਵੀਰਾ ਸਹਿਕਾਰੀ ਬੈਂਕ ‘ਤੇ ਛੇ ਮਹੀਨਿਆਂ ਲਈ ਪਾਬੰਦੀ ਲਗਾ ਦਿੱਤੀ ਹੈ। ਪਾਬੰਦੀ ਦਾ ਮੁੱਖ ਕਾਰਨ ਬੈਂਕ ਦੀ ਵਿਗੜਦੀ ਵਿੱਤੀ ਹਾਲਤ ਹੈ। RBI ਦੇ ਅਨੁਸਾਰ, ਇਹ ਪਾਬੰਦੀ ਸ਼ੁੱਕਰਵਾਰ 12 ਜੂਨ ਨੂੰ ਕਾਰੋਬਾਰ ਬੰਦ ਹੋਣ ਤੋਂ ਬਾਅਦ ਲਾਗੂ ਹੋ ਗਈ ਹੈ ਜੋ ਕਿ ਅਗਲੇ ਛੇ ਮਹੀਨਿਆਂ ਤੱਕ ਲਾਗੂ ਰਹੇਗੀ।
ਪਰ ਇਸ ਦੇ ਨਾਲ ਹੀ RBI ਇਹ ਹੁਕਮ ਜਾਰੀ ਕਰਦਿਆਂ ਇਹ ਵੀ ਕਿਹਾ ਕਿ ਜੇ ਲੋੜ ਪਈ ਤਾਂ ਇਸ ਫੈਸਲੇ ਦੀ ਮੁੜ ਸਮੀਖਿਆ ਕੀਤੀ ਜਾ ਸਕਦੀ ਹੈ। ਹੁਕਮਾਂ ਅਨੁਸਾਰ ਬੈਂਕ ‘ਤੇ ਕਈ ਪਾਬੰਦੀਆਂ ਲਗਾਈਆਂ ਗਈਆਂ ਹਨ, ਜਿਵੇਂ ਕਿ ਬੈਂਕ ਹੁਣ ਨਵੇਂ ਕਰਜ਼ੇ ਨਹੀਂ ਦੇ ਸਕੇਗਾ, ਮੌਜੂਦਾ ਕਰਜ਼ੇ ਦਾ ਨਵੀਨੀਕਰਨ ਨਹੀਂ ਕਰ ਸਕੇਗਾ, ਨਵਾਂ ਨਿਵੇਸ਼ ਨਹੀਂ ਕਰ ਸਕੇਗਾ, ਜਾਂ ਨਵੀਂ ਜਮ੍ਹਾਂ ਰਾਸ਼ੀ ਸਵੀਕਾਰ ਨਹੀਂ ਕਰ ਸਕੇਗਾ। ਇਸ ਤੋਂ ਇਲਾਵਾ, ਬੈਂਕ ਨੂੰ ਕੋਈ ਵੀ ਨਵਾਂ ਕਰਜ਼ਾ ਨਹੀਂ ਲੈਣ ਦਿੱਤਾ ਜਾਵੇਗਾ। ਬੈਂਕ ਦੀ ਮੌਜੂਦਾ ਤਰਲਤਾ ਸਥਿਤੀ ਨੂੰ ਦੇਖਦੇ ਹੋਏ, ਜਮ੍ਹਾਂਕਰਤਾਵਾਂ ਨੂੰ ਆਪਣੇ ਬੱਚਤ, ਚਾਲੂ ਜਾਂ ਹੋਰ ਖਾਤਿਆਂ ਵਿੱਚੋਂ ਵੱਧ ਤੋਂ ਵੱਧ ₹1 ਲੱਖ ਕਢਵਾਉਣ ਦੀ ਇਜਾਜ਼ਤ ਦਿੱਤੀ ਗਈ ਹੈ।
ਹਾਲਾਂਕਿ, ਆਰਬੀਆਈ ਨੇ ਸਪੱਸ਼ਟ ਕੀਤਾ ਕਿ ਇਹਨਾਂ ਪਾਬੰਦੀਆਂ ਦਾ ਅਰਥ ਬੈਂਕ ਦੇ ਲਾਇਸੈਂਸ ਨੂੰ ਰੱਦ ਕਰਨਾ ਨਹੀਂ ਹੈ। ਬੈਂਕ ਨਿਰਧਾਰਤ ਸ਼ਰਤਾਂ ਅਧੀਨ ਆਮ ਬੈਂਕਿੰਗ ਸੇਵਾਵਾਂ ਪ੍ਰਦਾਨ ਕਰਨਾ ਜਾਰੀ ਰੱਖ ਸਕਦਾ ਹੈ ਜਦੋਂ ਤੱਕ ਉਸਦੀ ਵਿੱਤੀ ਸਥਿਤੀ ਵਿੱਚ ਸੁਧਾਰ ਨਹੀਂ ਹੁੰਦਾ। ਆਰਬੀਆਈ ਬੈਂਕ ਦੀ ਸਥਿਤੀ ਦੀ ਨਿਗਰਾਨੀ ਕਰਨਾ ਜਾਰੀ ਰੱਖੇਗਾ ਅਤੇ, ਜੇਕਰ ਜ਼ਰੂਰੀ ਹੋਇਆ, ਤਾਂ ਨਿਯਮਾਂ ਵਿੱਚ ਬਦਲਾਅ ਕਰੇਗਾ ਜਾਂ ਹੋਰ ਕਦਮ ਚੁੱਕੇਗਾ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























