21 ਮੈਂਬਰੀ ਕਮੇਟੀ ਦੇ ਆਗੂਆਂ ਨੇ ਡਿਪਟੀ ਕਮਿਸ਼ਨਰ ਮਾਨਸਾ ਨੂੰ ਸੌਂਪਿਆ ਮੰਗ-ਪੱਤਰ
– ਕੂੜੇ ਦੇ ਅੰਬਾਰ ਅਤੇ ਛੱਪੜਾਂ ਵਿੱਚ ਪੈ ਰਹੇ ਸੀਵਰੇਜ ਦੇ ਪਾਣੀ ਦੇ ਹੱਲ ਸਬੰਧੀ ਦਿੱਤਾ ਮੰਗ-ਪੱਤਰ
ਮਾਨਸਾ,13 ਜੂਨ 2026 (ਵਿਸ਼ਵ ਵਾਰਤਾ): 21 ਮੈਂਬਰੀ ਕਮੇਟੀ ਵੱਲੋਂ ਡਿਪਟੀ ਕਮਿਸ਼ਨਰ ਮਾਨਸਾ ਨੂੰ ਇੱਕ ਮੰਗ-ਪੱਤਰ ਸੌਂਪਿਆ ਗਿਆ, ਜਿਸ ਵਿੱਚ ਮਾਨਸਾ ਅੰਦਰ ਖੋਖਰ ਰੋਡ ‘ਤੇ ਲੱਗੇ ਕੂੜੇ ਦੇ ਅੰਬਾਰ ਅਤੇ ਛੱਪੜਾਂ ਵਿੱਚ ਪੈ ਰਹੇ ਸੀਵਰੇਜ ਦੇ ਪਾਣੀ ਦੇ ਹੱਲ ਸਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ। ਇਸ ਮੌਕੇ ਡਿਪਟੀ ਕਮਿਸ਼ਨਰ ਮਾਨਸਾ ਨਾਲ ਗੱਲਬਾਤ ਕਰਦਿਆਂ ਸਾਬਕਾ ਵਿਧਾਇਕ ਨਾਜ਼ਰ ਸਿੰਘ ਮਾਨਸ਼ਾਹੀਆ, ਡਾਕਟਰ ਜਨਕ ਰਾਜ, ਕਾਮਰੇਡ ਕ੍ਰਿਸ਼ਨ ਚੌਹਾਨ, ਡਾਕਟਰ ਧੰਨਾ ਮੱਲ ਨੇ ਬਹੁਤ ਬਰੀਕੀ ਨਾਲ ਇੱਕ-ਇੱਕ ਨੁਕਤਾ ਸਾਂਝਾ ਕੀਤਾ।
ਇਸ ਮੌਕੇ ਉਨ੍ਹਾਂ ਦੱਸਿਆ ਕਿ ਸਾਡੀ 21 ਮੈਂਬਰੀ ਕਮੇਟੀ ਸ਼ਹਿਰ ਦੀ ਭਲਾਈ ਅਤੇ ਬਿਹਤਰੀ ਲਈ ਕੰਮ ਕਰ ਰਹੀ ਹੈ। ਉਨ੍ਹਾਂ ਛੱਪੜਾਂ ਅਤੇ ਕੂੜੇ ਦੇ ਅੰਬਾਰ ਸਬੰਧੀ ਸਾਰੀ ਜਾਣਕਾਰੀ ਦਿੱਤੀ ਅਤੇ ਇਹ ਵੀ ਦੱਸਿਆ ਕਿ ਬਾਰਿਸ਼ਾਂ ਤੋਂ ਪਹਿਲਾਂ ਛੱਪੜਾਂ ਵਿੱਚੋਂ ਪਾਣੀ ਕੱਢਣਾ ਬਹੁਤ ਜ਼ਰੂਰੀ ਹੈ, ਕਿਉਂਕਿ ਛੱਪੜ ਲਵਾਲਵ ਭਰੇ ਹੋਏ ਹਨ। ਜੇਕਰ ਬਾਰਿਸ਼ ਆਉਂਦੀ ਹੈ ਤਾਂ ਇਨ੍ਹਾਂ ਛੱਪੜਾਂ ਦਾ ਪਾਣੀ ਓਵਰਫ਼ਲੋ ਹੋ ਕੇ ਸ਼ਹਿਰ ਵਿੱਚ ਜਾਵੇਗਾ, ਜੋ ਭਾਰੀ ਨੁਕਸਾਨ ਕਰੇਗਾ।
ਇਸ ਮੌਕੇ ਡਿਪਟੀ ਕਮਿਸ਼ਨਰ ਮਾਨਸਾ ਨੇ 21 ਮੈਂਬਰੀ ਕਮੇਟੀ ਦੇ ਆਗੂਆਂ ਨੂੰ ਭਰੋਸਾ ਅਤੇ ਵਿਸ਼ਵਾਸ ਦਿਵਾਇਆ ਕਿ ਉਨ੍ਹਾਂ ਦਾ ਮੰਗ-ਪੱਤਰ ਜਲਦੀ ਹੀ ਸਬੰਧਤ ਵਿਭਾਗਾਂ ਨੂੰ ਭੇਜਿਆ ਜਾਵੇਗਾ ਅਤੇ ਉਹ ਖ਼ੁਦ ਵੀ ਇਸ ਮਸਲੇ ਵਿੱਚ ਦਿਲਚਸਪੀ ਲੈ ਕੇ ਜਲਦੀ ਹੀ ਉਨ੍ਹਾਂ ਨੂੰ ਬੁਲਾ ਕੇ ਸਾਰੀ ਜਾਣਕਾਰੀ ਲੈਣਗੇ।
ਉਨ੍ਹਾਂ ਵਿਸ਼ਵਾਸ ਦਿਵਾਇਆ ਕਿ 21 ਮੈਂਬਰੀ ਕਮੇਟੀ ਸ਼ਹਿਰ ਦੀ ਬਿਹਤਰੀ ਅਤੇ ਭਲਾਈ ਲਈ ਜੋ ਕੰਮ ਕਰ ਰਹੀ ਹੈ, ਅਸੀਂ ਉਨ੍ਹਾਂ ਦੀ ਹਰ ਗੱਲ ਸੁਣ ਕੇ ਜੋ ਵੀ ਮਸਲਾ ਸਾਡੇ ਧਿਆਨ ਵਿੱਚ ਲਿਆਂਦਾ ਜਾਵੇਗਾ, ਉਸ ਦਾ ਫੌਰੀ ਤੌਰ ‘ਤੇ ਹੱਲ ਕੀਤਾ ਜਾਵੇਗਾ।
ਇਸ ਮੌਕੇ ਗੱਲਬਾਤ ਕਰਦਿਆਂ ਨਾਜ਼ਰ ਸਿੰਘ ਮਾਨਸ਼ਾਹੀਆ ਨੇ ਕਿਹਾ ਕਿ ਡਿਪਟੀ ਕਮਿਸ਼ਨਰ ਮਾਨਸਾ ਨਾਲ ਬਹੁਤ ਵਧੀਆ ਮੀਟਿੰਗ ਹੋਈ ਹੈ ਅਤੇ ਅਸੀਂ ਆਪਣਾ ਮੰਗ-ਪੱਤਰ ਦਿੱਤਾ ਹੈ ਅਤੇ ਸਾਰੀਆਂ ਸਮੱਸਿਆਵਾਂ ਸਾਂਝੀਆਂ ਕੀਤੀਆਂ ਹਨ। ਸਾਨੂੰ ਡਿਪਟੀ ਕਮਿਸ਼ਨਰ ਮਾਨਸਾ ਵੱਲੋਂ ਭਰੋਸਾ ਦਿੱਤਾ ਗਿਆ ਹੈ ਕਿ ਇਸ ਮਸਲੇ ਦੇ ਹੱਲ ਲਈ ਫੌਰੀ ਕਾਰਵਾਈ ਸ਼ੁਰੂ ਕੀਤੀ ਜਾਵੇਗੀ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























