IND vs AFG :ਟੈਸਟ ਕ੍ਰਿਕਟ ਵਿੱਚ ਭਾਰਤੀ ਟੀਮ ਦੀ ਸਭ ਤੋਂ ਵੱਡੀ ਜਿੱਤ
– ਨਿਊ ਚੰਡੀਗੜ੍ਹ ਟੈਸਟ ‘ਚ ਅਫ਼ਗਾਨਿਸਤਾਨ ਦੀ ਕਰਾਰੀ ਹਾਰ
ਚੰਡੀਗੜ੍ਹ, 8 ਜੂਨ 2026 (ਵਿਸ਼ਵ ਵਾਰਤਾ) – ਸ਼ੁਭਮਨ ਗਿੱਲ ਦੀ ਟੀਮ ਨੇ ਮੁੱਲਾਂਪੁਰ ਦੇ ਮਹਾਰਾਜਾ ਯਾਦਵੇਂਦਰ ਸਿੰਘ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ ਵਿੱਚ ਕਰੀਬ ਢਾਈ ਦਿਨਾਂ ਦੇ ਅੰਦਰ ਖ਼ਤਮ ਹੋਏ ਅਫ਼ਗਾਨਿਸਤਾਨ ਖ਼ਿਲਾਫ਼ ਇਕਲੌਤੇ ਟੈਸਟ ਮੈਚ ਵਿੱਚ ਮਹਿਮਾਨ ਟੀਮ ਨੂੰ ਹਰਾ ਕੇ ਇਕਲੌਤੇ ਮੈਚ ਦੀ ਸੀਰੀਜ਼ ਵੀ ਆਪਣੇ ਨਾਮ ਕਰ ਲਈ ਹੈ।
ਭਾਰਤ ਨੇ ਨਿਊ ਚੰਡੀਗੜ੍ਹ ਵਿੱਚ ਖੇਡੇ ਗਏ ਟੈਸਟ ਮੈਚ ਵਿੱਚ ਅਫ਼ਗਾਨਿਸਤਾਨ ਨੂੰ ਇੱਕ ਪਾਰੀ ਅਤੇ 300 ਦੌੜਾਂ ਨਾਲ ਹਰਾ ਦਿੱਤਾ । ਟੈਸਟ ਕ੍ਰਿਕਟ ਵਿੱਚ ਭਾਰਤੀ ਟੀਮ ਦੀ ਇਹ ਹੁਣ ਤੱਕ ਦੀ ਸਭ ਤੋਂ ਵੱਡੀ ਜਿੱਤ ਹੈ। ਭਾਰਤ ਦੀ ਇਸ ਤੋਂ ਪਹਿਲੀ ਸਭ ਤੋਂ ਵੱਡੀ ਜਿੱਤ ਇੱਕ ਪਾਰੀ ਅਤੇ 272 ਦੌੜਾਂ ਦੇ ਫਰਕ ਨਾਲ ਸੀ, ਜੋ 2018 ਵਿੱਚ ਵੈਸਟਇੰਡੀਜ਼ ਖ਼ਿਲਾਫ਼ ਰਾਜਕੋਟ ਵਿੱਚ ਮਿਲੀ ਸੀ।
ਮੈਚ ਦੇ ਤੀਜੇ ਦਿਨ ਅਫ਼ਗਾਨਿਸਤਾਨ ਦੀ ਟੀਮ ਦੂਜੀ ਪਾਰੀ ਵਿੱਚ 112 ਦੌੜਾਂ ਬਣਾ ਕੇ ਆਲਆਊਟ ਹੋ ਗਈ। ਇਸ ਤੋਂ ਪਹਿਲਾਂ ਭਾਰਤ ਨੇ ਆਪਣੀ ਪਹਿਲੀ ਪਾਰੀ 564/8 ਦੇ ਸਕੋਰ ‘ਤੇ ਘੋਸ਼ਿਤ ਕੀਤੀ ਸੀ। ਇਸ ਦੇ ਜਵਾਬ ਵਿੱਚ ਅਫ਼ਗਾਨਿਸਤਾਨ ਦੀ ਪਹਿਲੀ ਪਾਰੀ 152 ਦੌੜਾਂ ‘ਤੇ ਸਿਮਟ ਗਈ ਸੀ ਅਤੇ ਉਸ ਨੂੰ ਫਾਲੋਆਨ ਖੇਡਣਾ ਪਿਆ।
ਅਫ਼ਗਾਨਿਸਤਾਨ ਦੀ ਦੂਜੀ ਪਾਰੀ ਵਿੱਚ ਵਾਸ਼ਿੰਗਟਨ ਸੁੰਦਰ ਨੇ 4 ਅਤੇ ਕੁਲਦੀਪ ਯਾਦਵ ਨੇ 3 ਵਿਕਟਾਂ ਲਈਆਂ। ਡੈਬਿਊ ਮੈਚ ਖੇਡ ਰਹੇ ਮਾਨਵ ਸੁਥਾਰ ਅਤੇ ਮੁਹੰਮਦ ਸਿਰਾਜ ਨੇ 1-1 ਵਿਕਟ ਲਈ। ਸੁਥਾਰ ਨੇ ਅਫ਼ਗਾਨਿਸਤਾਨ ਦੀ ਪਹਿਲੀ ਪਾਰੀ ਵਿੱਚ 6 ਵਿਕਟਾਂ ਲਈਆਂ ਸਨ, ਇਸ ਤਰ੍ਹਾਂ ਉਨ੍ਹਾਂ ਨੇ ਮੈਚ ਵਿੱਚ ਕੁੱਲ 7 ਵਿਕਟਾਂ ਹਾਸਲ ਕੀਤੀਆਂ। ਉਨ੍ਹਾਂ ਨੂੰ ‘ਪਲੇਅਰ ਆਫ਼ ਦ ਮੈਚ’ ਚੁਣਿਆ ਗਿਆ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























