ਕੈਬਿਨੇਟ ਮੰਤਰੀ ਹਰਦੀਪ ਸਿੰਘ ਮੁੰਡੀਆਂ, ਕੀਮਤੀ ਭਗਤ ਅਤੇ ਡਾ. ਸੰਨੀ ਆਹਲੂਵਾਲੀਆ ਨੇ ਗਊ ਹਸਪਤਾਲ ਅਤੇ ਗਊਸ਼ਾਲਾ ਦਾ ਕੀਤਾ ਦੌਰਾ
ਮੋਹਾਲੀ, 6 ਜੂਨ 2026 (ਸਤੀਸ਼ ਕੁਮਾਰ ਪੱਪੀ): ਪੰਜਾਬ ਸਰਕਾਰ ਦੇ ਕੈਬਿਨੇਟ ਮੰਤਰੀ ਹਰਦੀਪ ਸਿੰਘ ਮੁੰਡੀਆਂ, ਪੰਜਾਬ ਗਊ ਸੇਵਾ ਆਯੋਗ ਦੇ ਵਾਈਸ ਚੇਅਰਮੈਨ ਕੀਮਤੀ ਭਗਤ ਅਤੇ ਪਾਰਸ਼ਦ ਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਡਾ. ਸੰਨੀ ਆਹਲੂਵਾਲੀਆ ਨੇ ਗਊ ਗ੍ਰਾਸ ਸੇਵਾ ਸਮਿਤੀ ਵੱਲੋਂ ਚਲਾਏ ਜਾ ਰਹੇ ਗਊ ਹਸਪਤਾਲ ਅਤੇ ਗਊਸ਼ਾਲਾ, ਫੇਜ਼-1, ਮੋਹਾਲੀ ਦਾ ਦੌਰਾ ਕੀਤਾ।
ਉਨ੍ਹਾਂ ਨੇ ਗਊਸ਼ਾਲਾ ਅਤੇ ਗਊ ਹਸਪਤਾਲ ਵਿੱਚ ਗਊਵੰਸ਼ ਦੀ ਦੇਖਭਾਲ, ਇਲਾਜੀ ਸਹੂਲਤਾਂ, ਸਫਾਈ ਪ੍ਰਬੰਧਾਂ ਅਤੇ ਸਮਿਤੀ ਵੱਲੋਂ ਕੀਤੇ ਜਾ ਰਹੇ ਸੇਵਾ ਕਾਰਜਾਂ ਦਾ ਜਾਇਜ਼ਾ ਲਿਆ। ਉਨ੍ਹਾਂ ਨੇ ਗਊਵੰਸ਼ ਲਈ ਉਪਲਬਧ ਕਰਵਾਈਆਂ ਜਾ ਰਹੀਆਂ ਸਹੂਲਤਾਂ ਅਤੇ ਸਮਰਪਿਤ ਭਾਵਨਾ ਨਾਲ ਕੀਤੀ ਜਾ ਰਹੀ ਸੇਵਾ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਗਊ ਸੇਵਾ ਇੱਕ ਮਹਾਨ ਪੁੰਨ ਦਾ ਕੰਮ ਹੈ ਅਤੇ ਸਮਾਜ ਨੂੰ ਅਜਿਹੇ ਉਪਰਾਲਿਆਂ ਵਿੱਚ ਵੱਧ ਚੜ੍ਹ ਕੇ ਸਹਿਯੋਗ ਦੇਣਾ ਚਾਹੀਦਾ ਹੈ।
ਸਮਿਤੀ ਦੇ ਪ੍ਰਧਾਨ ਸ਼੍ਰੀ ਸੁਧੀਰ ਕੁਮਾਰ ਗੋਇਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਮਿਤੀ ਵੱਲੋਂ 1 ਅਗਸਤ 2023 ਤੋਂ ਅੱਜ ਤੱਕ 1485 ਗਊਵੰਸ਼ ਨੂੰ ਇਲਾਜ ਲਈ ਰੈਸਕਿਊ ਕਰਕੇ ਗਊ ਹਸਪਤਾਲ ਅਤੇ ਗਊਸ਼ਾਲਾ ਵਿੱਚ ਲਿਆਂਦਾ ਜਾ ਚੁੱਕਾ ਹੈ। ਇਲਾਜ ਤੋਂ ਬਾਅਦ ਠੀਕ ਹੋਏ ਗਊਵੰਸ਼ ਨੂੰ ਵੱਖ-ਵੱਖ ਸਥਾਨਕ ਗਊਸ਼ਾਲਾਵਾਂ ਵਿੱਚ ਭੇਜ ਦਿੱਤਾ ਜਾਂਦਾ ਹੈ। ਇਸ ਸਮੇਂ ਸਮਿਤੀ 215 ਇਲਾਜ ਅਧੀਨ ਗਊਵੰਸ਼ ਦੀ ਪੂਰੀ ਤਨਦੇਹੀ ਨਾਲ ਸੇਵਾ ਅਤੇ ਸੰਭਾਲ ਕਰ ਰਹੀ ਹੈ।
ਇਸ ਦੇ ਨਾਲ ਹੀ ਸਮਿਤੀ ਲਿਫਟ-ਸਹੂਲਤ ਵਾਲੀਆਂ ਦੋ ਐਂਬੂਲੈਂਸਾਂ ਅਤੇ ਹੈਲਪਲਾਈਨ ਨੰਬਰ 7380273902 ਰਾਹੀਂ 24 ਘੰਟੇ, 7 ਦਿਨ ਸੜਕ ਹਾਦਸਿਆਂ ਵਿੱਚ ਜ਼ਖ਼ਮੀ, ਬਿਮਾਰ ਅਤੇ ਬੇਸਹਾਰਾ ਗਊਵੰਸ਼ ਦੀ ਸੇਵਾ ਵਿੱਚ ਲਗਾਤਾਰ ਜੁਟੀ ਹੋਈ ਹੈ।
ਸਮਿਤੀ ਦੀ ਯੋਜਨਾ ਪੰਜਾਬ ਦਾ ਪਹਿਲਾ 24×7 ਮਲਟੀ-ਸਪੈਸ਼ਲਿਟੀ ਗਊ ਹਸਪਤਾਲ ਅਤੇ ਇੱਕ ਵਿਸ਼ਾਲ ਗਊਸ਼ਾਲਾ ਸਥਾਪਿਤ ਕਰਨ ਦੀ ਹੈ, ਜਿਸ ਵਿੱਚ ਮੋਹਾਲੀ ਦੀਆਂ ਸੜਕਾਂ ਤੋਂ ਸਾਰੇ ਬੇਸਹਾਰਾ ਗਊਵੰਸ਼ ਨੂੰ ਲਿਆ ਕੇ ਰੱਖਿਆ ਜਾਵੇਗਾ। ਇਸ ਪਵਿੱਤਰ ਕਾਰਜ ਲਈ ਸਮਿਤੀ ਨੂੰ ਜ਼ਮੀਨ ਦੀ ਲੋੜ ਹੈ। ਕੈਬਿਨੇਟ ਮੰਤਰੀ ਨੇ ਸਮਿਤੀ ਦੇ ਮੈਂਬਰਾਂ ਨੂੰ ਭਰੋਸਾ ਦਿਵਾਇਆ ਕਿ ਉਹ ਸਰਕਾਰ ਵੱਲੋਂ ਗਊ ਹਸਪਤਾਲ ਅਤੇ ਗਊਸ਼ਾਲਾ ਲਈ ਯੋਗ ਜਗ੍ਹਾ ਮੁਹੱਈਆ ਕਰਵਾਉਣ ਦੇ ਨਾਲ-ਨਾਲ ਕਾਉ ਸੈੱਸ ਵਿੱਚੋਂ ਸਰਕਾਰੀ ਨਿਯਮਾਂ ਅਨੁਸਾਰ ਆਰਥਿਕ ਸਹਾਇਤਾ ਦਿਵਾਉਣ ਲਈ ਵੀ ਯਤਨ ਕਰਨਗੇ।
ਇਸ ਸ਼ੁਭ ਮੌਕੇ ‘ਤੇ ਸਾਰੇ ਮਹਿਮਾਨਾਂ ਨੇ ਗਊ ਮਾਤਾ ਪ੍ਰਤੀ ਆਪਣੀ ਸ਼ਰਧਾ ਪ੍ਰਗਟ ਕਰਦਿਆਂ ਗਊ ਪੂਜਨ, ਗਊ ਆਰਤੀ ਅਤੇ ਤੁਲਾ ਦਾਨ ਕੀਤਾ। ਇਸ ਦੇ ਨਾਲ ਹੀ ਗਊਵੰਸ਼ ਨੂੰ ਹਰਾ ਚਾਰਾ, ਤੂੜੀ, ਚੋਕਰ, ਖੰਡ, ਗੁੜ, ਫਲ ਅਤੇ ਸਬਜ਼ੀਆਂ ਨਾਲ ਤਿਆਰ ਕੀਤਾ ਵਿਸ਼ੇਸ਼ ਪੌਸ਼ਟਿਕ ਕੇਕ ਖੁਆਇਆ ਅਤੇ ਗਊ ਮਾਤਾ ਦਾ ਅਸ਼ੀਰਵਾਦ ਪ੍ਰਾਪਤ ਕੀਤਾ।
ਸਮਿਤੀ ਦੀ ਸਮੂਹ ਟੀਮ ਵੱਲੋਂ ਆਏ ਹੋਏ ਸਾਰੇ ਮਹਿਮਾਨਾਂ ਦਾ ਸਵਾਗਤ ਕੀਤਾ ਗਿਆ ਅਤੇ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਦੀ ਤਸਵੀਰ ਭੇਟ ਕਰਕੇ ਉਨ੍ਹਾਂ ਦਾ ਧੰਨਵਾਦ ਕੀਤਾ ਗਿਆ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























