ਮੋਹਾਲੀ: ਮੇਅਰ ਦੀ ਕੁਰਸੀ ਲਈ ਸਿਆਸੀ ਸਰਗਰਮੀਆਂ ਤੇਜ਼!
– 9 ਜੂਨ ਨੂੰ ਚੁਣਿਆ ਜਾਵੇਗਾ ਮੋਹਾਲੀ ਦਾ ਮੇਅਰ
– ਨਵ-ਨਿਯੁਕਤ ਕੌਂਸਲਰ ਵੀ ਚੁੱਕਣਗੇ ਸਹੁੰ
ਚੰਡੀਗੜ੍ਹ, 6 ਜੂਨ 2026 (ਵਿਸ਼ਵ ਵਾਰਤਾ): ਮੋਹਾਲੀ ਨਗਰ ਨਿਗਮ ਚੋਣਾਂ ਤੋਂ ਬਾਅਦ ਹੁਣ ਸ਼ਹਿਰ ਨੂੰ ਨਵੇਂ ਮੇਅਰ ਅਤੇ ਹੋਰ ਅਹੁਦੇਦਾਰ ਮਿਲਣ ਦਾ ਰਸਤਾ ਸਾਫ਼ ਹੋ ਗਿਆ ਹੈ। ਨਗਰ ਨਿਗਮ ਦੇ ਨਵ-ਨਿਯੁਕਤ ਕੌਂਸਲਰਾਂ ਨੂੰ ਸਹੁੰ ਚੁਕਾਉਣ ਅਤੇ ਉਸ ਤੋਂ ਬਾਅਦ ਮੇਅਰ, ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਦੀ ਚੋਣ ਲਈ 9 ਜੂਨ ਨੂੰ ਵਿਸ਼ੇਸ਼ ਬੈਠਕ ਬੁਲਾਈ ਗਈ ਹੈ। ਇਹ ਬੈਠਕ ਦੁਪਹਿਰ 3 ਵਜੇ ਨਗਰ ਨਿਗਮ ਮੋਹਾਲੀ ਦੇ ਮੀਟਿੰਗ ਹਾਲ ਵਿੱਚ ਹੋਵੇਗੀ।
ਦੱਸ ਦਈਏ ਕਿ ਨਗਰ ਨਿਗਮ ਚੋਣਾਂ ਲਈ 26 ਮਈ ਨੂੰ ਵੋਟਾਂ ਪਈਆਂ ਸਨ, ਜਿਸ ਤੋਂ ਬਾਅਦ ਹੁਣ ਨਵੇਂ ਹਾਊਸ ਦੀ ਪਹਿਲੀ ਅਹਿਮ ਬੈਠਕ ਹੋਣ ਜਾ ਰਹੀ ਹੈ। ਬੈਠਕ ਦੇ ਪਹਿਲੇ ਪੜਾਅ ਵਿੱਚ ਸਾਰੇ ਨਵ-ਨਿਯੁਕਤ ਕੌਂਸਲਰਾਂ ਨੂੰ ਅਹੁਦੇ ਅਤੇ ਭੇਦਗੁਪਤਤਾ ਦੀ ਸਹੁੰ ਚੁਕਾਈ ਜਾਵੇਗੀ। ਸਹੁੰ ਚੁੱਕ ਸਮਾਗਮ ਪੂਰਾ ਹੋਣ ਦੇ ਤੁਰੰਤ ਬਾਅਦ ਮੇਅਰ, ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੇ ਅਹੁਦੇ ਲਈ ਚੋਣ ਪ੍ਰਕਿਰਿਆ ਸ਼ੁਰੂ ਹੋਵੇਗੀ। ਮੇਅਰ ਦੇ ਅਹੁਦੇ ਲਈ ਰਾਜਨੀਤਿਕ ਹਲਕਿਆਂ ਵਿੱਚ ਕਈ ਨਾਵਾਂ ਦੀ ਚਰਚਾ ਹੋ ਰਹੀ ਹੈ। ਸਾਰਿਆਂ ਦੀਆਂ ਨਜ਼ਰਾਂ 9 ਜੂਨ ਨੂੰ ਹੋਣ ਵਾਲੀ ਮੀਟਿੰਗ ‘ਤੇ ਹਨ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























