ਸਹਾਰਾ ਮਾਰੂਥਲ ‘ਚ ਫਸਿਆ ਟਰੱਕ; 49 ਲੋਕਾਂ ਦੀ ਪਿਆਸ ਨਾਲ ਮੌਤ
ਨਿਯਾਮੇ, 5 ਜੂਨ 2026 (ਵਿਸ਼ਵ ਵਾਰਤਾ): ਅਫ਼ਰੀਕਾ ਅਫ਼ਰੀਕੀ ਦੇਸ਼ ਨਾਈਜਰ ਦੇ ਸਹਾਰਾ ਮਾਰੂਥਲ ਵਿੱਚ ਇੱਕ ਬੇਹੱਦ ਦਰਦਨਾਕ ਘਟਨਾ ਸਾਹਮਣੇ ਆਈ ਹੈ। ਰੇਗਿਸਤਾਨ ਦੇ ਵਿਚਕਾਰ ਇੱਕ ਟਰੱਕ ਖ਼ਰਾਬ ਹੋ ਜਾਣ ਕਾਰਨ ਉਸ ਵਿੱਚ ਸਵਾਰ 49 ਲੋਕਾਂ ਦੀ ਪਿਆਸ ਕਾਰਨ ਮੌਤ ਹੋ ਗਈ।
ਚਾਰੋਂ ਪਾਸੇ ਫੈਲੀ ਰੇਤ, ਅੱਤ ਦੀ ਗਰਮੀ ਅਤੇ ਪਾਣੀ ਦੀ ਇੱਕ ਬੂੰਦ ਤੱਕ ਨਾ ਮਿਲਣ ਕਰਕੇ ਇਹ ਸਫ਼ਰ ਲੋਕਾਂ ਲਈ ਮੌਤ ਦਾ ਸਫ਼ਰ ਬਣ ਗਿਆ। ਹਾਲਾਂਕਿ ਦੋ ਲੋਕ ਕਿਸੇ ਤਰ੍ਹਾਂ ਆਪਣੀ ਜਾਨ ਬਚਾਉਣ ਵਿੱਚ ਸਫ਼ਲ ਰਹੇ ਅਤੇ ਉਨ੍ਹਾਂ ਨੇ ਪੂਰੀ ਘਟਨਾ ਦੀ ਜਾਣਕਾਰੀ ਅਧਿਕਾਰੀਆਂ ਤੱਕ ਪਹੁੰਚਾਈ।
ਇਹ ਟਰੱਕ ਮਾਲੀ ਦੇ ਹਾਰੌਬਾ ਸ਼ਹਿਰ ਤੋਂ ਰਵਾਨਾ ਹੋਇਆ ਸੀ, ਜੋ ਨਾਈਜਰ ਸਰਹੱਦ ਤੋਂ 300 ਕਿਲੋਮੀਟਰ ਤੋਂ ਵੱਧ ਦੂਰ ਹੈ। ਉਹ ਇੱਕ ਮੁਸਲਿਮ ਧਾਰਮਿਕ ਉਤਸਵ ਵਿੱਚ ਸ਼ਾਮਲ ਹੋਣ ਤੋਂ ਬਾਅਦ ਵਾਪਿਸ ਪਰਤ ਰਹੇ ਸਨ। ਯਾਤਰਾ ਦੌਰਾਨ ਉਨ੍ਹਾਂ ਦਾ ਟਰੱਕ ਖ਼ਰਾਬ ਹੋ ਗਿਆ।
ਉਹ ਰੇਗਿਸਤਾਨ ਦੀ ਅਜਿਹੀ ਜਗ੍ਹਾ ਫਸ ਗਏ ਸਨ ਜਿੱਥੇ ਬੇਹੱਦ ਜ਼ਿਆਦਾ ਤਾਪਮਾਨ ਹੁੰਦਾ ਹੈ। ਉੱਥੇ ਪਾਣੀ ਅਤੇ ਬਾਕੀ ਜ਼ਰੂਰੀ ਸਾਮਾਨ ਮਿਲਣਾ ਬਹੁਤ ਮੁਸ਼ਕਲ ਹੁੰਦਾ ਹੈ। ਅਜਿਹੀ ਜਗ੍ਹਾ ਫਸ ਜਾਣ ਕਾਰਨ ਉਨ੍ਹਾਂ ਕੋਲ ਮੌਜੂਦ ਪਾਣੀ ਖ਼ਤਮ ਹੋ ਗਿਆ।
ਇਸ ਹਾਦਸੇ ਵਿੱਚ ਕੇਵਲ ਦੋ ਲੋਕ ਬਚ ਪਾਏ। ਉਨ੍ਹਾਂ ਨੇ ਕਿਸੇ ਤਰ੍ਹਾਂ ਰੇਗਿਸਤਾਨ ਪਾਰ ਕਰਕੇ ਨੇੜਲੇ ਸ਼ਹਿਰ ਅਸਾਮਾਕਾ ਤੱਕ ਪਹੁੰਚਣ ਵਿੱਚ ਸਫ਼ਲਤਾ ਹਾਸਲ ਕੀਤੀ ਅਤੇ ਉੱਥੇ ਅਧਿਕਾਰੀਆਂ ਨੂੰ ਘਟਨਾ ਦੀ ਜਾਣਕਾਰੀ ਦਿੱਤੀ। ਜਦੋਂ ਬਚਾਅ ਦਲ ਮੌਕੇ ‘ਤੇ ਪਹੁੰਚਿਆ ਤਾਂ ਟਰੱਕ ਦੇ ਹੇਠਾਂ ਅਤੇ ਉਸਦੇ ਆਸ-ਪਾਸ ਦਰਜਨਾਂ ਲਾਸ਼ਾਂ ਪਈਆ ਮਿਲੀਆਂ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























