ਚੰਡੀਗੜ੍ਹ GMCH-32 ‘ਚ ਹੜਕੰਪ: ਹਸਪਤਾਲ ਦੇ ਬਾਥਰੂਮ ‘ਚੋਂ ਮਿਲੀ ਡਾਕਟਰ ਦੀ ਲਾਸ਼!
ਚੰਡੀਗੜ੍ਹ, 2 ਜੂਨ (ਵਿਸ਼ਵ ਵਾਰਤਾ): ਚੰਡੀਗੜ੍ਹ ਵਿੱਚ ਗਵਰਨਮੈਂਟ ਮੈਡੀਕਲ ਕਾਲਜ ਐਂਡ ਹਸਪਤਾਲ (GMCH) ਵਿੱਚ ਇੱਕ ਡਾਕਟਰ ਦੀ ਲਾਸ਼ ਮਿਲਣ ਨਾਲ ਹੜਕੰਪ ਮੱਚ ਗਿਆ। ਦੱਸ ਦਈਏ ਕਿ ਸੈਕਟਰ-32 ਸਥਿਤ ਗਵਰਨਮੈਂਟ ਮੈਡੀਕਲ ਕਾਲਜ ਐਂਡ ਹਸਪਤਾਲ (GMCH-32) ਵਿੱਚ ਮੰਗਲਵਾਰ ਨੂੰ 24 ਸਾਲਾ ਡਾ. ਯੋਗੈਸ਼, ਜੋ ਪੀ.ਜੀ. ਜੂਨੀਅਰ ਰੈਜ਼ੀਡੈਂਟ (JR) ਅਤੇ ਜਨਰਲ ਮੈਡੀਸਨ ਵਿਭਾਗ ਵਿੱਚ ਕੰਮ ਕਰਦੇ ਸਨ, ਹਸਪਤਾਲ ਕੰਪਲੈਕਸ ਦੇ ਇੱਕ ਬਾਥਰੂਮ ਵਿੱਚ ਗਏ ਸਨ।ਕਾਫ਼ੀ ਸਮਾਂ ਬੀਤਣ ‘ਤੇ ਵੀ ਬਾਹਰ ਨਾ ਆਉਣ ‘ਤੇ ਉਨ੍ਹਾਂ ਦੇ ਸਾਥੀਆਂ ਅਤੇ ਹਸਪਤਾਲ ਦੇ ਸਟਾਫ਼ ਨੂੰ ਸ਼ੱਕ ਹੋਇਆ। ਕਈ ਵਾਰ ਦਰਵਾਜ਼ਾ ਖੜਕਾਉਣ ਅਤੇ ਖੋਲ੍ਹਣ ਦੀ ਕੋਸ਼ਿਸ਼ ਕੀਤੀ ਗਈ, ਪਰ ਅੰਦਰੋਂ ਕੋਈ ਜਵਾਬ ਨਹੀਂ ਮਿਲਿਆ।
ਜਦੋਂ ਕਾਫ਼ੀ ਦੇਰ ਤੱਕ ਦਰਵਾਜ਼ਾ ਨਹੀਂ ਖੁੱਲ੍ਹਿਆ ਤਾਂ ਉਸ ਨੂੰ ਤੋੜਿਆ ਗਿਆ। ਅੰਦਰ ਡਾ. ਯੋਗੈਸ਼ ਬੇਸੁਧ ਹਾਲਤ ਵਿੱਚ ਪਏ ਮਿਲੇ। ਉਨ੍ਹਾਂ ਨੂੰ ਤੁਰੰਤ ਇਲਾਜ ਲਈ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਜਾਂਚ ਤੋਂ ਬਾਅਦ ਮ੍ਰਿਤਕ ਐਲਾਨ ਦਿੱਤਾ। ਸੂਤਰਾਂ ਅਨੁਸਾਰ, ਘਟਨਾ ਵਾਲੀ ਥਾਂ ਤੋਂ ਇੰਜੈਕਸ਼ਨ ਵੀ ਬਰਾਮਦ ਹੋਏ ਹਨ। ਇਸ ਤੋਂ ਬਾਅਦ ਮਾਮਲੇ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ। ਸੂਚਨਾ ਮਿਲਦਿਆਂ ਹੀ ਥਾਣਾ-34 ਦੀ ਪੁਲਿਸ ਅਤੇ ਫੋਰੈਂਸਿਕ ਟੀਮ ਮੌਕੇ ‘ਤੇ ਪਹੁੰਚ ਗਈ। ਟੀਮ ਨੇ ਘਟਨਾ ਸਥਾਨ ਦਾ ਨਿਰੀਖਣ ਕੀਤਾ ਅਤੇ ਬਾਥਰੂਮ ਤੇ ਆਸ-ਪਾਸ ਦੇ ਇਲਾਕੇ ਤੋਂ ਸਬੂਤ ਇਕੱਠੇ ਕੀਤੇ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਮਾਮਲੇ ਦੇ ਹਰ ਪਹਿਲੂ ਦੀ ਜਾਂਚ ਕੀਤੀ ਜਾ ਰਹੀ ਹੈ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























