ਲਗਾਤਾਰ ਦੂਜੀ ਵਾਰ IPL ਚੈਂਪੀਅਨ ਬਣੀ RCB ਬੈਂਗਲੁਰੂ ‘ਚ ਨਹੀਂ ਕੱਢੇਗੀ ‘ਵਿਕਟਰੀ ਪਰੇਡ’!
– ਜਾਣੋ ਕਿਉ ਲਿਆ ਇਹ ਵੱਡਾ ਫ਼ੈਸਲਾ
ਨਵੀ ਦਿੱਲੀ, 1 ਜੂਨ 2026 (ਵਿਸ਼ਵ ਵਾਰਤਾ) : ਰਾਇਲ ਚੈਲੇਂਜਰਜ਼ ਬੈਂਗਲੁਰੂ ਨੇ ਐਤਵਾਰ ਨੂੰ ਅਹਿਮਦਾਬਾਦ ਵਿੱਚ ਖੇਡੇ ਗਏ ਫਾਈਨਲ ਵਿੱਚ ਗੁਜਰਾਤ ਟਾਈਟਨਸ ਨੂੰ 5 ਵਿਕਟਾਂ ਨਾਲ ਹਰਾਇਆ। ਟੀਮ ਨੇ ਲਗਾਤਾਰ ਦੂਜੇ ਸਾਲ IPL ਖ਼ਿਤਾਬ ਜਿੱਤਿਆ ਹੈ। ਰਾਇਲ ਚੈਲੇਂਜਰਜ਼ ਬੈਂਗਲੁਰੂ (RCB) ਨੇ ਲਗਾਤਾਰ ਦੂਜੀ ਵਾਰ ਆਈ.ਪੀ.ਐੱਲ. (IPL) ਖ਼ਿਤਾਬ ਜਿੱਤਣ ਦੇ ਬਾਵਜੂਦ ਬੈਂਗਲੁਰੂ ਵਿੱਚ ਵਿਕਟਰੀ ਪਰੇਡ ਨਾ ਕੱਢਣ ਦਾ ਫ਼ੈਸਲਾ ਕੀਤਾ ਹੈ।
ਕਿਹਾ ਜਾ ਰਿਹਾ ਹੈ ਕਿ ਜਨਤਕ ਸਮਾਗਮਾਂ ਨੂੰ ਲੈ ਕੇ ਲਾਗੂ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕੀਤੀ ਜਾਵੇਗੀ। ਬੈਂਗਲੁਰੂ ਵਿੱਚ ਕਿਸੇ ਵੱਡੇ ਸਮਾਗਮ ਦੀ ਸੰਭਾਵਨਾ ਨਹੀਂ ਹੈ। ਦਰਅਸਲ, ਇਸ ਦੇ ਪਿੱਛੇ ਦੋ ਵੱਡੇ ਕਾਰਨ ਹਨ। 4 ਜੂਨ 2025 ਨੂੰ ਪਹਿਲਾ ਆਈ.ਪੀ.ਐੱਲ. ਖ਼ਿਤਾਬ ਜਿੱਤਣ ਤੋਂ ਬਾਅਦ ਫ੍ਰੈਂਚਾਈਜ਼ੀ ਨੇ ਜਲਦਬਾਜ਼ੀ ਵਿੱਚ ਵਿਕਟਰੀ ਪਰੇਡ ਕੀਤੀ ਸੀ। ਇਸ ਦੌਰਾਨ ਹੋਈ ਭਗਦੜ ਵਿੱਚ 11 ਪ੍ਰਸ਼ੰਸਕਾਂ ਦੀ ਮੌਤ ਹੋ ਗਈ ਸੀ।
ਇਸ ਤੋਂ ਇਲਾਵਾ ਦੂਜਾ ਕਾਰਨ ਕਰਨਾਟਕ ਦੇ ਨਵੇਂ ਮੁੱਖ ਮੰਤਰੀ ਡੀ. ਕੇ. ਸ਼ਿਵਕੁਮਾਰ ਦਾ ਸਹੁੰ ਚੁੱਕ ਸਮਾਗਮ ਹੈ। 2 ਦਿਨ ਪਹਿਲਾਂ ਡੀ. ਕੇ. ਸ਼ਿਵਕੁਮਾਰ ਨੂੰ ਕਰਨਾਟਕ ਦਾ ਮੁੱਖ ਮੰਤਰੀ ਬਣਾਉਣ ਦਾ ਐਲਾਨ ਕੀਤਾ ਗਿਆ ਸੀ। ਉਨ੍ਹਾਂ ਦਾ ਸਹੁੰ ਚੁੱਕ ਸਮਾਗਮ ਇਸੇ ਹਫ਼ਤੇ ਹੋਵੇਗਾ। ਇਹ ਪ੍ਰੋਗਰਾਮ ਲੋਕ ਭਵਨ ਵਿੱਚ ਸ਼ਾਮ 4:10 ਵਜੇ ਆਯੋਜਿਤ ਕੀਤਾ ਜਾਵੇਗਾ। ਬੈਂਗਲੁਰੂ ਪੁਲਿਸ ਨੇ ਪਹਿਲਾਂ ਹੀ ਐਡਵਾਈਜ਼ਰੀ ਜਾਰੀ ਕਰਕੇ ਲੋਕਾਂ ਨੂੰ ਅਪੀਲ ਕੀਤੀ ਸੀ ਕਿ ਆਰ.ਸੀ.ਬੀ. (RCB) ਦੀ ਜਿੱਤ ‘ਤੇ ਸੜਕਾਂ ‘ਤੇ ਜਸ਼ਨ, ਪਟਾਕੇਬਾਜ਼ੀ, ਹੁੜਦੰਗ ਜਾਂ ਅਵਿਵਸਥਾ ਨਾ ਫੈਲਾਈ ਜਾਵੇ। ਪੁਲਿਸ ਨੇ ਸਪੱਸ਼ਟ ਕੀਤਾ ਸੀ ਕਿ ਜਨਤਕ ਥਾਵਾਂ ‘ਤੇ ਜਿੱਤ ਦੇ ਜਸ਼ਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਲੋਕ ਘਰਾਂ ਜਾਂ ਨਿੱਜੀ ਥਾਵਾਂ ‘ਤੇ ਜਸ਼ਨ ਮਨਾ ਸਕਦੇ ਹਨ।























