ਅਭਿਸ਼ੇਕ ਬੈਨਰਜੀ ਤੋਂ ਬਾਅਦ ਹੁਣ ਇਕ ਹੋਰ TMC ਸਾਂਸਦ ‘ਤੇ ਹਮਲਾ
ਨਵੀ ਦਿੱਲੀ, 30 ਮਈ 2026 (ਵਿਸ਼ਵ ਵਾਰਤਾ): ਪੱਛਮੀ ਬੰਗਾਲ ਵਿੱਚ ਟੀਐਮਸੀ ਸੰਸਦ ਮੈਂਬਰ ਕਲਿਆਣ ਬੈਨਰਜੀ ‘ਤੇ ਹੁਗਲੀ ਵਿੱਚ ਹਮਲਾ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਕਲਿਆਣ ਬੈਨਰਜੀ ਅੱਜ ਟੀਐਮਸੀ ਵਰਕਰਾਂ ਦੀ ਰਿਹਾਈ ਲਈ ਮੰਗ ਪੱਤਰ ਦੇਣ ਗਏ ਸਨ। ਦਾਅਵਾ ਕੀਤਾ ਗਿਆ ਹੈ ਕਿ ਉਸੇ ਦੌਰਾਨ ਉਨ੍ਹਾਂ ‘ਤੇ ਹਮਲਾ ਹੋਇਆ।
ਟੀਐਮਸੀ ਸਾਂਸਦ ਨੇ ਦੋਸ਼ ਲਾਇਆ ਕਿ ਬੀਜੇਪੀ ਵਰਕਰਾਂ ਨੇ ਉਨ੍ਹਾਂ ‘ਤੇ ਹਮਲਾ ਕੀਤਾ ਅਤੇ ਉਨ੍ਹਾਂ ਦੇ ਸਿਰ ‘ਤੇ ਪੱਥਰ ਜਾਂ ਗੇਂਦ ਵਰਗੀ ਚੀਜ਼ ਮਾਰ ਕੇ ਸੱਟ ਪਹੁੰਚਾਈ ਹੈ। ਜਦਕਿ ਬੀਜੇਪੀ ਦਾ ਕਹਿਣਾ ਹੈ ਕਿ ਉਹ ਜ਼ਖ਼ਮੀ ਨਹੀਂ ਹੋਏ ਹਨ, ਸਿਰਫ਼ ਡਰਾਮਾ ਕਰ ਰਹੇ ਹਨ।
ਦੱਸਿਆ ਜਾ ਰਿਹਾ ਹੈ ਕਿ ਕਲਿਆਣ ਬੈਨਰਜੀ ਐਤਵਾਰ ਨੂੰ ਹੁਗਲੀ ਦੇ ਚੰਡੀਤਲਾ ਪੁਲਿਸ ਸਟੇਸ਼ਨ ਵਿੱਚ ਇੱਕ ਵਫ਼ਦ ਦੇ ਨਾਲ ਮੰਗ ਪੱਤਰ ਦੇਣ ਪਹੁੰਚੇ ਸਨ। ਇਸ ਦੌਰਾਨ ਉਨ੍ਹਾਂ ਦਾ ਵਿਰੋਧ ਸ਼ੁਰੂ ਹੋ ਗਿਆ ਅਤੇ ਪ੍ਰਦਰਸ਼ਨਕਾਰੀਆਂ ਨੇ ਉਨ੍ਹਾਂ ਨੂੰ ਕਾਲੇ ਝੰਡੇ ਦਿਖਾਏ ਅਤੇ ਉਨ੍ਹਾਂ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਦੌਰਾਨ ਕਥਿਤ ਤੌਰ ‘ਤੇ ਹਮਲਾ ਕੀਤਾ ਗਿਆ, ਜਿਸ ਨਾਲ ਉਨ੍ਹਾਂ ਦੇ ਸਿਰ ਵਿੱਚ ਸੱਟ ਲੱਗਣ ਦੀ ਗੱਲ ਵੀ ਕਹੀ ਜਾ ਰਹੀ ਹੈ। ਹਮਲੇ ਤੋਂ ਬਾਅਦ ਕਲਿਆਣ ਬੈਨਰਜੀ ਆਪਣੇ ਸਮਰਥਕਾਂ ਨਾਲ ਧਰਨੇ ‘ਤੇ ਬੈਠ ਗਏ। ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਮੌਕੇ ‘ਤੇ ਪਹੁੰਚ ਗਈ ਅਤੇ ਸਥਿਤੀ ਨੂੰ ਕਾਬੂ ਹੇਠ ਕੀਤਾ।
ਜ਼ਿਕਰਯੋਗ ਹੈ ਕਿ ਕੱਲ੍ਹ ਟੀਐਮਸੀ ਸੰਸਦ ਮੈਂਬਰ ਅਭਿਸ਼ੇਕ ਬੈਨਰਜੀ ‘ਤੇ ਵੀ ਹਮਲਾ ਹੋਇਆ ਸੀ। ਸੋਨਾਰਪੁਰ ਵਿੱਚ ਚੋਣਾਂ ਤੋਂ ਬਾਅਦ ਹੋਈ ਹਿੰਸਾ ਦੇ ਪੀੜਤਾਂ ਨੂੰ ਮਿਲਣ ਪਹੁੰਚੇ ਅਭਿਸ਼ੇਕ ਬੈਨਰਜੀ ਨਾਲ ਧੱਕਾ-ਮੁੱਕੀ ਹੋਈ ਅਤੇ ਉਨ੍ਹਾਂ ਦੇ ਕੱਪੜੇ ਪਾੜ ਦਿੱਤੇ ਗਏ। ਇਸ ਦੌਰਾਨ ਉਨ੍ਹਾਂ ‘ਤੇ ਆਂਡੇ ਸੁੱਟੇ ਗਏ ਅਤੇ ਅਭਿਸ਼ੇਕ ਬੈਨਰਜੀ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























