Punjab: ਇੱਕੋ ਪਰਿਵਾਰ ਦੀਆਂ ਤਿੰਨ ਨਾਬਾਲਗ ਧੀਆਂ ਲਾਪਤਾ !
ਲੁਧਿਆਣਾ, 30 ਮਈ (ਵਿਸ਼ਵ ਵਾਰਤਾ): ਲੁਧਿਆਣਾ ਵਿੱਚ ਇੱਕੋ ਪਰਿਵਾਰ ਦੀਆਂ ਤਿੰਨ ਨਾਬਾਲਗ ਧੀਆਂ ਦੇ ਲਾਪਤਾ ਹੋਣ ਦੀ ਖਬਰ ਸਾਹਮਣੇ ਆਈ ਹੈ ,ਘਟਨਾ ਲੁਧਿਆਣਾ ਦੇ ਜਮਾਲਪੁਰ ਇਲਾਕੇ ਦੀ ਹੈ। ਮਿਲੀ ਜਾਣਕਾਰੀ ਅਨੁਸਾਰ 28 ਮਈ ਨੂੰ ਇੱਕੋ ਪਰਿਵਾਰ ਦੀਆਂ ਤਿੰਨ ਨਾਬਾਲਗ ਧੀਆਂ ਅਚਾਨਕ ਲਾਪਤਾ ਹੋ ਗਈਆਂ। ਇਸ ਮਾਮਲੇ ‘ਚ ਪੀੜਤਾ ਦੀ ਮਾਂ ਦੀ ਸ਼ਿਕਾਇਤ ਦੇ ਆਧਾਰ ‘ਤੇ, ਜਮਾਲਪੁਰ ਪੁਲਿਸ ਸਟੇਸ਼ਨ ਨੇ ਉੱਤਰ ਪ੍ਰਦੇਸ਼ ਦੇ ਇੱਕ ਨੌਜਵਾਨ ਵਿਰੁੱਧ ਮਾਮਲਾ ਦਰਜ ਕੀਤਾ ਹੈ।
ਸ਼ਿਕਾਇਤਕਰਤਾ ਰਾਜੇਸ਼ਵਰੀ ਨੇ ਪੁਲਿਸ ਨੂੰ ਦੱਸਿਆ ਕਿ ਉਸਦੀ ਵੱਡੀ ਧੀ ਮਾਨਸੀ (16), ਉਸਦੀ ਜਠਾਣੀ ਦੀ ਧੀ ਦੀਪਿਕਾ (14) ਅਤੇ ਤੀਜੀ ਧੀ ਸ਼ਾਲਿਨੀ (15) ਅਚਾਨਕ ਬਿਨਾਂ ਕਿਸੇ ਨੂੰ ਦੱਸੇ ਆਪਣੇ ਘਰੋਂ ਗਾਇਬ ਹੋ ਗਈਆਂ। ਮਾਮਲੇ ਨੇ ਹੈਰਾਨ ਕਰਨ ਵਾਲਾ ਮੋੜ ਲੈ ਲਿਆ ਜਦੋਂ ਵੱਧੀ ਧੀ ਮਾਨਸੀ ਨੇ ਆਪਣੀ ਮਾਂ ਨੂੰ ਫ਼ੋਨ ਕੀਤਾ। ਉਸਨੇ ਖੁਲਾਸਾ ਕੀਤਾ ਕਿ ਉਹ ਇਸ ਸਮੇਂ ਪੰਜਾਬ ਤੋਂ ਬਹੁਤ ਦੂਰ ਅੰਬਾਲਾ (ਹਰਿਆਣਾ) ਵਿੱਚ ਹੈ। ਉਸਨੇ ਫ਼ੋਨ ‘ਤੇ ਖੁਲਾਸਾ ਕੀਤਾ ਕਿ ਉੱਤਰ ਪ੍ਰਦੇਸ਼ ਦੇ ਸੀਤਾਪੁਰ ਜ਼ਿਲ੍ਹੇ ਦੇ ਰਹਿਣ ਵਾਲੇ ਕਰਨ ਨੇ ਉਸਨੂੰ ਵਰਗਲਾ ਕੇ ਭਜਾ ਲਿਆ ਸੀ। ਬਾਕੀ ਦੋ ਧੀਆਂ (ਦੀਪਿਕਾ ਅਤੇ ਸ਼ਾਲਿਨੀ) ਰੇਲਗੱਡੀ ਰਾਹੀਂ ਆਪਣੇ ਜੱਦੀ ਪਿੰਡ ਜਾ ਰਹੀਆਂ ਹਨ। ਜਿਸ ਤੋਂ ਬਾਅਦ ਮਾਂ ਨੇ ਪੁਲਿਸ ਨੂੰ ਆਪਣਾ ਬਿਆਨ ਦਰਜ ਕਰਵਾਇਆ।
ਮਾਮਲੇ ਦੀ ਸੰਵੇਦਨਸ਼ੀਲਤਾ ਅਤੇ ਕੁੜੀਆਂ ਦੀ ਉਮਰ ਨੂੰ ਦੇਖਦੇ ਹੋਏ, ਜਮਾਲਪੁਰ ਪੁਲਿਸ ਨੇ ਤੁਰੰਤ ਕਾਰਵਾਈ ਕੀਤੀ ਅਤੇ ਮਾਮਲਾ ਦਰਜ ਕੀਤਾ। ਸਬ-ਇੰਸਪੈਕਟਰ (ਐਸਆਈ) ਗੁਰਮੀਤ ਸਿੰਘ ਮਾਮਲੇ ਦੀ ਜਾਂਚ ਕਰ ਰਹੇ ਹਨ। ਪੁਲਿਸ ਟੀਮਾਂ ਕੁੜੀਆਂ ਨੂੰ ਸੁਰੱਖਿਅਤ ਬਰਾਮਦ ਕਰਨ ਅਤੇ ਦੋਸ਼ੀ ਨੌਜਵਾਨ ਨੂੰ ਫੜਨ ਲਈ ਅੰਬਾਲਾ ਅਤੇ ਉੱਤਰ ਪ੍ਰਦੇਸ਼ ਵਿੱਚ ਸੰਭਾਵਿਤ ਲੁਕਣਗਾਹਾਂ ‘ਤੇ ਛਾਪੇਮਾਰੀ ਕਰ ਰਹੀਆਂ ਹਨ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























