ਅੰਮ੍ਰਿਤਸਰ ’ਚ ‘ਆਪ’ ਆਗੂ ’ਤੇ ਫਾਇਰਿੰਗ, ਗੰਭੀਰ ਹਾਲਤ ‘ਚ ਹਸਪਤਾਲ ‘ਚ ਕਰਵਾਇਆ ਗਿਆ ਭਰਤੀ!
ਅੰਮ੍ਰਿਤਸਰ, 28 ਮਈ 2026 (ਵਿਸ਼ਵ ਵਾਰਤਾ) : ਅੰਮ੍ਰਿਤਸਰ ‘ਚ ਸੇਵਾਮੁਕਤ ਪੁਲਿਸ ਅਫ਼ਸਰ ਅਤੇ ਉਨ੍ਹਾਂ ਦੇ ਗੁਆਂਢੀ ‘ਆਪ’ ਆਗੂ ਆਪਸ ਵਿੱਚ ਭਿੜ ਗਏ। ਬਹਿਸ ਤੋਂ ਸ਼ੁਰੂ ਹੋਇਆ ਝਗੜਾ ਦੇਖਦੇ ਹੀ ਦੇਖਦੇ ਫਾਇਰਿੰਗ ਤੱਕ ਪਹੁੰਚ ਗਿਆ। ਫਾਇਰਿੰਗ ਵਿੱਚ ‘ਆਪ’ ਆਗੂ ਅਤੇ ਇੱਕ ਹੋਰ ਵਿਅਕਤੀ ਨੂੰ ਗੋਲੀ ਲੱਗ ਗਈ, ਜਿਨ੍ਹਾਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਪੁਲਿਸ ਮੁਤਾਬਕ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਅੰਮ੍ਰਿਤਸਰ ਦੇ ਐੱਸਪੀ (ਈਸਟ) ਦੇਵੇਂਦਰ ਸਿੰਘ ਨੇ ਦੱਸਿਆ ਕਿ ਕੋਟ ਆਤਮਾਰਾਮ ਇਲਾਕੇ ਵਿੱਚ ਅੱਜ ਫਾਇਰਿੰਗ ਹੋਣ ਦੀ ਸੂਚਨਾ ਮਿਲੀ। ਜਿਸ ਤੋਂ ਤੁਰੰਤ ਬਾਅਦ ਮੌਕੇ ‘ਤੇ ਪਹੁੰਚ ਕੇ ਜਾਂਚ ਕੀਤੀ ਗਈ। ਸ਼ੁਰੂਆਤੀ ਜਾਂਚ ਵਿੱਚ ਸਾਹਮਣੇ ਆਇਆ ਕਿ ਸੇਵਾਮੁਕਤ ਪੁਲਿਸ ਅਫ਼ਸਰ ਤੇਜਿੰਦਰ ਸਿੰਘ ਦੇ ਘਰ ਦੇ ਸਾਹਮਣੇ ਉਨ੍ਹਾਂ ਦੇ ਗੁਆਂਢੀ ਅਤੇ ਆਪ ਆਗੂ ਜੈਪਾਲ ਸਿੰਘ ਦੇ ਪੁੱਤਰ ਨੇ ਥਾਰ ਗੱਡੀ ਖੜ੍ਹੀ ਕਰ ਦਿੱਤੀ ਸੀ।
ਐੱਸਪੀ ਨੇ ਕਿਹਾ ਕਿ ਰਿਟਾਇਰਡ ਅਫ਼ਸਰ ਤੇਜਿੰਦਰ ਸਿੰਘ ਨੇ ਉਸ ਨੂੰ ਰੋਕਿਆ, ਜਿਸ ਤੋਂ ਬਾਅਦ ਦੋਵਾਂ ਵਿਚਾਲੇ ਝੜਪ ਹੋ ਗਈ। ਝਗੜੇ ਦੌਰਾਨ ਜੈਪਾਲ ਸਿੰਘ ਦੇ ਪੁੱਤਰ ਦੇ ਹਮਲੇ ਵਿੱਚ ਤੇਜਿੰਦਰ ਸਿੰਘ ਦੀ ਪੱਗ ਲਹਿ ਗਈ, ਜਿਸ ਤੋਂ ਬਾਅਦ ਜੈਪਾਲ ਸਿੰਘ ਦਾ ਪੁੱਤਰ ਉੱਥੋਂ ਚਲਿਆ ਗਿਆ। ਬਾਅਦ ਵਿੱਚ ਉਸਨੇ ਆਪਣੇ ਪਿਤਾ ਅਤੇ ਭਰਾ ਨੂੰ ਬੁਲਾ ਲਿਆ। ਇਸ ਤੋਂ ਬਾਅਦ ਦੋਵਾਂ ਧਿਰਾਂ ਵਿੱਚ ਦੁਬਾਰਾ ਹੱਥੋਪਾਈ ਅਤੇ ਝੜਪ ਹੋਈ।
ਝੜਪ ਦੌਰਾਨ ਦੋਵਾਂ ਧਿਰਾਂ ਵੱਲੋਂ ਗੋਲੀਬਾਰੀ ਵੀ ਕੀਤੀ ਗਈ । ਪੁਲਿਸ ਅਨੁਸਾਰ ਦੋਵਾਂ ਧਿਰਾਂ ਦੇ ਦੋ ਵਿਅਕਤੀਆਂ ਦੇ ਪੈਰਾਂ ਵਿੱਚ ਗੋਲੀਆਂ ਲੱਗੀਆਂ ਹਨ ਅਤੇ ਦੋਵੇਂ ਹਸਪਤਾਲ ਵਿੱਚ ਜ਼ੇਰੇ-ਇਲਾਜ ਹਨ। ਉਨ੍ਹਾਂ ਦੀ ਹਾਲਤ ਖ਼ਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























