Entertainment: ਅਦਾਕਾਰ ਯੋਗਰਾਜ ਸਿੰਘ ਨੂੰ ਅਦਾਲਤ ਤੋਂ ਲੱਗਿਆ ਵੱਡਾ ਝਟਕਾ
ਚੰਡੀਗੜ੍ਹ, 26 ਮਈ (ਵਿਸ਼ਵ ਵਾਰਤਾ) – ਅਦਾਕਾਰ ਯੋਗਰਾਜ ਸਿੰਘ ਵਲੋਂ ਦਾਇਰ ਕੀਤੀ ਗਈ ਅਗਾਊਂ ਜ਼ਮਾਨਤ ਪਟੀਸ਼ਨ ‘ਤੇ ਅੱਜ ਚੰਡੀਗੜ੍ਹ ਜ਼ਿਲ੍ਹਾ ਅਦਾਲਤ ਵਿਚ ਸੁਣਵਾਈ ਹੋਈ। ਔਰਤਾਂ ਪ੍ਰਤੀ ਇਤਰਾਜ਼ਯੋਗ ਟਿੱਪਣੀ ਕਰਨ ਦੇ ਮਾਮਲੇ ਵਿੱਚ ਪੰਜਾਬੀ ਕਲਾਕਾਰ ਅਤੇ ਸਾਬਕਾ ਕ੍ਰਿਕਟਰ ਖਿਡਾਰੀ ਯੋਗਰਾਜ ਸਿੰਘ ਨੂੰ ਵੱਡਾ ਝਟਕਾ ਲੱਗਾ ਹੈ। ਚੰਡੀਗੜ੍ਹ ਜ਼ਿਲ੍ਹਾ ਅਦਾਲਤ ਨੇ ਉਨ੍ਹਾਂ ਦੀ ਅਗਾਊ ਜ਼ਮਾਨਤ ਅਰਜ਼ੀ ਨੂੰ ਰੱਦ ਕਰ ਦਿੱਤਾ ਹੈ। ਮਾਮਲੇ ਦੀ ਸੁਣਵਾਈ ਦੌਰਾਨ ਬਚਾਅ ਪੱਖ ਵਲੋਂ ਅਗਾਊ ਜ਼ਮਾਨਤ ਦੀ ਮੰਗ ਕੀਤੀ ਗਈ ਸੀ, ਪਰ ਅਦਾਲਤ ਨੇ ਦਲੀਲਾਂ ਸੁਣਨ ਤੋਂ ਬਾਅਦ ਅਰਜ਼ੀ ਖਾਰਜ ਕਰ ਦਿੱਤੀ।
ਇਹ ਸਾਰਾ ਮਾਮਲਾ ਉਨ੍ਹਾਂ ਦੀ ਨਵੀਂ ਵੈੱਬ ਸੀਰੀਜ਼ ‘ਲੁੱਕੇ’ ’ਚ ਬੋਲੇ ਗਏ ਇੱਕ ਡਾਇਲੌਗ ਨੂੰ ਲੈ ਕੇ ਹੈ। ਇਸ ਡਾਇਲੌਗ ਨੂੰ ਲੈ ਕੇ ਸ਼ਿਕਾਇਤਕਰਤਾਵਾਂ ਦਾ ਦੋਸ਼ ਹੈ ਕਿ ਵੀਡੀਓ ਵਿੱਚ ਔਰਤਾਂ ਵਿਰੁੱਧ ਇਤਰਾਜ਼ਯੋਗ ਸ਼ਬਦਾਂ ਦੀ ਵਰਤੋਂ ਕੀਤੀ ਗਈ ਹੈ। ਜਿਸ ਤੋਂ ਬਾਅਦ ਪੁਲਿਸ ਵੱਲੋਂ ਉਨ੍ਹਾਂ ਵਿਰੁੱਧ FIR ਦਰਜ ਕੀਤੀ ਗਈ ਸੀ। ਜਿਸ ਤੋਂ ਬਾਅਦ ਅਦਾਕਾਰ ਯੋਗਰਾਜ ਸਿੰਘ ਨੇ ਚੰਡੀਗੜ੍ਹ ਜ਼ਿਲ੍ਹਾ ਅਦਾਲਤ ਵਿੱਚ ਆਪਣੇ ਵਿਰੁੱਧ ਦਰਜ ਮਾਮਲੇ ਵਿੱਚ ਅਗਾਊਂ ਜ਼ਮਾਨਤ ਲਈ ਪਟੀਸ਼ਨ ਦਾਇਰ ਕੀਤੀ ਹੋਈ ਸੀ। ਇਸ ਤੋਂ ਪਹਿਲਾਂ 20 ਮਈ ਨੂੰ ਸੁਣਵਾਈ ਹੋਈ ਸੀ। ਸੁਣਵਾਈ ਦੌਰਾਨ ਅਦਾਲਤ ਨੇ ਚੰਡੀਗੜ੍ਹ ਪੁਲਿਸ ਨੂੰ ਨੋਟਿਸ ਜਾਰੀ ਕਰਕੇ ਮਾਮਲੇ ਨਾਲ ਸਬੰਧਤ ਰਿਕਾਰਡ ਅਤੇ ਜਵਾਬ ਤਲਬ ਕੀਤੇ ਸਨ।
ਦੱਸ ਦਈਏ ਕਿ ਯੋਗਰਾਜ ਸਿੰਘ ਖ਼ਿਲਾਫ਼ ਦੋ ਵਕੀਲਾਂ ਨੇ ਚੰਡੀਗੜ੍ਹ ਪੁਲਿਸ ਨੂੰ ਸ਼ਿਕਾਇਤ ਕੀਤੀ ਸੀ। ਚੰਡੀਗੜ੍ਹ ਦੇ ਦੋ ਵਕੀਲਾਂ ਨੇ ਸੋਸ਼ਲ ਮੀਡੀਆ ‘ਤੇ ਵੈਬ ਸੀਰੀਜ਼ ਦੀ ਇੱਕ ਵਾਇਰਲ ਹੋਈ ਇੱਕ ਕਲਿੱਪ ਨੂੰ ਇਸ ਦਾ ਅਧਾਰ ਬਣਾਇਆ ਹੈ, ਜਿਸ ਤੋਂ ਬਾਅਦ ਪੁਲਿਸ ਸਟੇਸ਼ਨ-36 ਵਿੱਚ ਉਨ੍ਹਾਂ ਵਿਰੁੱਧ FIR ਦਰਜ ਕੀਤੀ ਗਈ ਸੀ। ‘ਲੁੱਕੇ’ ਨਾਮ ਦੀ ਇੱਕ ਵੈੱਬ ਸੀਰੀਜ਼ 8 ਮਈ, 2026 ਨੂੰ ਐਮਾਜ਼ਾਨ ਪ੍ਰਾਈਮ ਵੀਡੀਓ ‘ਤੇ ਰਿਲੀਜ਼ ਕੀਤੀ ਗਈ ਸੀ। ਇਸ ਵੈੱਬ ਸੀਰੀਜ਼ ਦੇ ਇੱਕ ਐਪੀਸੋਡ ਵਿੱਚ ਯੋਗਰਾਜ ਸਿੰਘ ‘ਤੇ ਔਰਤਾਂ ਵਿਰੁੱਧ ਅਪਮਾਨਜਨਕ ਭਾਸ਼ਾ ਦੀ ਵਰਤੋਂ ਕਰਨ ਦੇ ਦੋਸ਼ ਲੱਗ ਰਹੇ ਹਨ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























