ਚੰਡੀਗੜ੍ਹ ‘ਚ ਸ਼ਰੇਆਮ ਸ਼ਰਾਬ ਵਰਤਾਉਣ ਵਾਲਿਆਂ ‘ਤੇ ਐਕਸ਼ਨ!
– ਸੋਸ਼ਲ ਮੀਡੀਆ ‘ਤੇ ਵੀਡੀਓ ਵਾਇਰਲ ਹੋਣ ਮਗਰੋਂ ਪੁਲਿਸ ਨੇ ਕੀਤਾ ਗ੍ਰਿਫ਼ਤਾਰ
ਚੰਡੀਗੜ੍ਹ, 25 ਮਈ (ਵਿਸ਼ਵ ਵਾਰਤਾ) : ਚੰਡੀਗੜ੍ਹ ਦੇ ਪੌਸ਼ ਸੈਕਟਰ-9 ਦੀ ਮਾਰਕੀਟ ਵਿੱਚ ਸ਼ਰੇਆਮ ਸ਼ਰਾਬ ਵਰਤਾਉਣ ਦੇ ਮਾਮਲੇ ਵਿੱਚ ਸੈਕਟਰ-3 ਥਾਣੇ ਦੀ ਪੁਲਿਸ ਨੇ ਕਾਰਵਾਈ ਕਰਦਿਆਂ ਡੀਜੇ ਮਾਲਕ ਰਾਜੇਸ਼ ਸਚਦੇਵਾ ਖ਼ਿਲਾਫ਼ ਐੱਫਆਈਆਰ ਦਰਜ ਕਰਕੇ ਉਸਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਅਨੁਸਾਰ ਸ਼ਰਾਬ ਦੇ ਠੇਕੇ ਦੇ ਬਾਹਰ ਖੁੱਲ੍ਹੇਆਮ ਲੋਕਾਂ ਨੂੰ ਨਵੇਂ ਸ਼ਰਾਬ ਬ੍ਰਾਂਡ ਦੀ ਮਸ਼ਹੂਰੀ ਕਰਨ ਲਈ ਸ਼ਰਾਬ ਪਿਲਾਈ ਜਾ ਰਹੀ ਸੀ।
ਮਾਮਲੇ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਣ ਤੋਂ ਬਾਅਦ ਪੁਲਿਸ ਹਰਕਤ ਵਿੱਚ ਆਈ। ਵੀਡੀਓ ਵਿੱਚ ਸ਼ਰਾਬ ਦੇ ਠੇਕੇ ਦੇ ਬਾਹਰ ਸਟਾਲ ਲਗਾ ਕੇ ਲੋਕਾਂ ਨੂੰ ਬਰਫ਼ ਦੇ ਗੋਲਿਆਂ ਯਾਨੀ ਚੁਸਕੀ ਵਿੱਚ ਵੋਦਕਾ ਮਿਲਾ ਕੇ ਮੁਫ਼ਤ ਵਿੱਚ ਵੰਡਦੇ ਹੋਏ ਦੇਖਿਆ ਗਿਆ। ਦੱਸਿਆ ਜਾ ਰਿਹਾ ਹੈ ਕਿ ਇਹ ਵੀਡੀਓ ਖ਼ੁਦ ਸ਼ਰਾਬ ਠੇਕੇਦਾਰ ਵੱਲੋਂ ਇੰਸਟਾਗ੍ਰਾਮ ‘ਤੇ ਅਪਲੋਡ ਕੀਤੀ ਗਈ ਸੀ, ਜਿਸ ਨੂੰ ਵਿਵਾਦ ਵਧਣ ਤੋਂ ਬਾਅਦ ਡਿਲੀਟ ਕਰ ਦਿੱਤਾ ਗਿਆ। ਹਾਲਾਂਕਿ, ਉਦੋਂ ਤੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਚੁੱਕੀ ਸੀ।
ਚੰਡੀਗੜ੍ਹ ਦੇ ਡਿਪਟੀ ਕਮਿਸ਼ਨਰ ਨਿਸ਼ਾਂਤ ਯਾਦਵ ਨੇ ਕਿਹਾ ਕਿ ਸੈਕਟਰ-9 ਦੇ ਜਿਸ ਸ਼ਰਾਬ ਠੇਕੇ ਦੇ ਬਾਹਰ ਇਹ ਕੰਮ ਕੀਤਾ ਗਿਆ ਹੈ, ਉਸ ਦੇ ਲਾਇਸੈਂਸ ਹੋਲਡਰ ਨੂੰ ਨੋਟਿਸ ਜਾਰੀ ਕਰਕੇ ਇਸ ਬਾਰੇ ਜਵਾਬ ਮੰਗਿਆ ਗਿਆ ਹੈ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























