ਪੰਜਾਬ ਰਾਜ ਦੀਆਂ ਮੰਡੀਆਂ ਵਿੱਚੋਂ 123.47 ਲੱਖ ਮੀਟ੍ਰਿਕ ਟਨ ਕਣਕ ਦੀ ਹੋਈ ਖਰੀਦ – ਹਰਚੰਦ ਸਿੰਘ ਬਰਸਟ
ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਨੇ ਸੀਜਨ ਦੌਰਾਨ ਅਧਿਕਾਰੀਆਂ ਅਤੇ ਕਰਮਚਾਰੀਆਂ ਵੱਲੋਂ ਤਨਦੇਹੀ ਨਾਲ ਡਿਊਟੀ ਨਿਭਾਉਣ ਦੀ ਕੀਤੀ ਸ਼ਲਾਘਾ
ਐਸ.ਏ.ਐਸ. ਨਗਰ (ਮੋਹਾਲੀ), 20 ਮਈ 2026 (ਵਿਸ਼ਵ ਵਾਰਤਾ ) – ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਸ. ਹਰਚੰਦ ਸਿੰਘ ਬਰਸਟ ਨੇ ਦੱਸਿਆ ਕਿ ਹਾੜੀ ਸੀਜਨ 2026-27 ਦੌਰਾਨ ਪੰਜਾਬ ਰਾਜ ਦੀਆਂ ਮੰਡੀਆਂ ਵਿੱਚ ਕਣਕ ਦੇ ਖਰੀਦ ਕਾਰਜ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹੇ ਗਏ। ਸੀਜਨ ਦੌਰਾਨ ਮੰਡੀਆਂ ਵਿੱਚ ਕੀਤੇ ਪੁਖਤਾ ਪ੍ਰਬੰਧਾਂ ਸਦਕਾ ਖਰੀਦ ਕਾਰਜਾਂ ਨੂੰ ਸੁਚੱਜੇ ਢੰਗ ਨਾਲ ਚਲਾਇਆ ਜਾ ਸਕਿਆ ਹੈ ਅਤੇ ਕਿਸਾਨਾਂ, ਆੜ੍ਹਤੀਆਂ, ਮਜਦੂਰਾਂ ਨੂੰ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਪੇਸ਼ ਨਹੀਂ ਆਉਣ ਦਿੱਤੀ ਗਈ।
ਉਨ੍ਹਾਂ ਦੱਸਿਆ ਕਿ ਇਸ ਵਾਰ ਸੂਬੇ ਦੀਆਂ ਮੰਡੀਆਂ ਵਿੱਚੋਂ ਸਰਕਾਰੀ ਏਜੰਸੀਆਂ ਅਤੇ ਪ੍ਰਾਈਵੇਟ ਪੱਧਰ ਤੇ ਕੁੱਲ 123.47 ਲੱਖ ਮੀਟ੍ਰਿਕ ਟਨ ਕਣਕ ਦੀ ਖਰੀਦ ਕੀਤੀ ਗਈ ਹੈ। ਸਰਕਾਰੀ ਏਜੰਸੀਆਂ ਨੇ 121.74 ਲੱਖ ਮੀਟ੍ਰਿਕ ਟਨ ਕਣਕ ਦੀ ਖਰੀਦ ਕੀਤੀ ਹੈ, ਜਿਸਦੇ ਤਹਿਤ ਪਨਗ੍ਰੇਨ ਵੱਲੋਂ 39,94,602 ਮੀਟ੍ਰਿਕ ਟਨ, ਐਫ.ਸੀ.ਆਈ. ਵੱਲੋਂ 2,58,350 ਮੀਟ੍ਰਿਕ ਟਨ, ਮਾਰਕਫੈੱਡ ਵੱਲੋਂ 31,28,227 ਮੀਟ੍ਰਿਕ ਟਨ, ਪਨਸਪ ਵੱਲੋਂ 28,32,109 ਮੀਟ੍ਰਿਕ ਟਨ, ਵੇਅਰ ਹਾਊਸ ਵੱਲੋਂ 19,61,010 ਮੀਟ੍ਰਿਕ ਟਨ ਕਣਕ ਦੀ ਖਰੀਦ ਕੀਤੀ ਗਈ ਹੈ। ਇਸਦੇ ਨਾਲ ਹੀ ਪ੍ਰਾਈਵੇਟ ਪੱਧਰ ਤੇ 1,73,458 ਮੀਟ੍ਰਿਕ ਟਨ ਕਣਕ ਦੀ ਖਰੀਦ ਹੋਈ ਹੈ। ਮੰਡੀਆਂ ਵਿੱਚੋਂ 114.55 ਲੱਖ ਮੀਟ੍ਰਿਕ ਟਨ ਕਣਕ ਦੀ ਲਿਫਟਿੰਗ ਹੋ ਚੁੱਕੀ ਹੈ।
ਉਨ੍ਹਾਂ ਦੱਸਿਆ ਕਿ ਪੰਜਾਬ ਦੇ ਸ੍ਰੀ ਮੁਕਤਸਰ ਸਾਹਿਬ ਜਿਲ੍ਹੇ ਵਿੱਚ ਸਭ ਤੋਂ ਵੱਧ ਕਣਕ ਦੀ ਆਮਦ ਅਤੇ ਖਰੀਦ ਹੋਈ ਹੈ। ਇੱਥੇ 9,05,144 ਮੀਟ੍ਰਿਕ ਟਨ ਕਣਕ ਦੀ ਖਰੀਦ ਹੋਈ ਹੈ, ਜਿਸ ਵਿੱਚੋ 9,03,624 ਮੀਟ੍ਰਿਕ ਟਨ ਸਰਕਾਰੀ ਅਤੇ 1520 ਮੀਟ੍ਰਿਕ ਟਨ ਕਣਕ ਦੀ ਪ੍ਰਾਈਵੇਟ ਪੱਧਰ ਤੇ ਖਰੀਦ ਹੋਈ ਹੈ। ਜਦਕਿ ਦੂਜੇ ਨੰਬਰ ਤੇ ਸੰਗਰੂਰ ਵਿੱਚ 9,00,700 ਮੀਟ੍ਰਿਕ ਟਨ ਅਤੇ ਤੀਜੇ ਨੰਬਰ ਤੇ ਬਠਿੰਡਾ ਵਿੱਚ 8,90,564 ਮੀਟ੍ਰਿਕ ਟਨ ਕਣਕ ਦੀ ਖਰੀਦ ਹੋਈ ਹੈ। ਉਨ੍ਹਾਂ ਦੱਸਿਆ ਕਿ ਕਿਸਾਨਾਂ ਨੂੰ ਫਸਲ ਦੀ ਅਦਾਇਗੀ ਨਾਲੋਂ-ਨਾਲ ਉਨ੍ਹਾਂ ਦੇ ਬੈਂਕ ਖਾਤਿਆਂ ਵਿੱਚ ਕੀਤੀ ਗਈ ਹੈ। ਹਾੜੀ ਸੀਜਨ 2026-27 ਦੌਰਾਨ 2585/- ਰੁਪਏ ਤੋਂ ਲੈ ਕੇ 2660/- ਰੁਪਏ ਪ੍ਰਤੀ ਕੁਵਿੰਟਲ ਤੱਕ ਕਣਕ ਦੀ ਖਰੀਦ ਹੋਈ ਹੈ।
ਸ. ਬਰਸਟ ਨੇ ਕਿਹਾ ਕਿ ਪੰਜਾਬ ਰਾਜ ਦੀਆਂ ਮੰਡੀਆਂ ਵਿੱਚ ਖਰੀਦ ਕਾਰਜ ਸ਼ੁਰੂ ਹੋਣ ਤੋਂ ਪਹਿਲਾਂ ਹੀ ਪੁਖਤਾ ਪ੍ਰਬੰਧ ਕੀਤੇ ਗਏ ਸਨ, ਜਿਸਦੇ ਤਹਿਤ ਪੀਣ ਯੋਗ ਸਾਫ਼ ਪਾਣੀ, ਬਿਜਲੀ ਦੀਆਂ ਲਾਈਟਾਂ, ਸਾਫ਼-ਸਫਾਈ, ਬਾਥਰੂਮਾਂ, ਛਾਂ ਅਤੇ ਪੰਜਾਬ ਮੰਡੀ ਬੋਰਡ ਦੇ ਮੁੱਖ ਦਫ਼ਤਰ ਵਿੱਖੇ ਕੰਟਰੋਲ ਰੂਮ ਦੀ ਸਥਾਪਨਾ ਵੀ ਕੀਤੀ ਗਈ ਸੀ, ਜਿਸ ਕਰਕੇ ਕਿਸਾਨ ਆਪਣੀ ਫਸਲ ਨੂੰ ਬਿਨਾਂ ਕਿਸੇ ਸਮੱਸਿਆ ਤੋਂ ਵੇਚ ਸਕਣ ਵਿੱਚ ਕਾਮਯਾਬ ਹੋ ਸਕੇ ਹਨ। ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਨੇ ਸੀਜਨ ਦੌਰਾਨ ਕਣਕ ਦੇ ਖਰੀਦ ਕਾਰਜਾਂ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਣ ਲਈ ਸਾਰੇ ਅਧਿਕਾਰੀਆਂ ਅਤੇ ਕਰਮਚਾਰੀਆਂ ਵੱਲੋਂ ਇਮਾਨਦਾਰੀ ਅਤੇ ਤਨਦੇਹੀ ਨਾਲ ਡਿਊਟੀ ਨਿਭਾਉਣ ਦੀ ਸ਼ਲਾਘਾ ਕੀਤੀ।
ਉਨ੍ਹਾਂ ਆੜ੍ਹਤੀਆਂ, ਮਜਦੂਰਾਂ, ਕਿਸਾਨਾਂ, ਮੰਡੀ ਬੋਰਡ/ਮਾਰਕਿਟ ਕਮੇਟੀਆਂ ਸਮੇਤ ਵੱਖ-ਵੱਖ ਏਜੰਸੀਆਂ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਦਾ ਧੰਨਵਾਦ ਕੀਤਾ, ਜਿਨ੍ਹਾਂ ਨੇ ਮੰਡੀਆਂ ਵਿੱਚ ਖਰੀਦ ਕਾਰਜਾਂ ਨੂੰ ਸੁਚਾਰੂ ਢੰਗ ਨਾਲ ਚਲਾਉਣ ਵਿੱਚ ਅਹਿਮ ਯੋਗਦਾਨ ਪਾਇਆ ਹੈ।























