ਸ਼ਹੀਦ ਸੁਖਦੇਵ ਜੀ ਦੇ 120 ਵੇਂ ਜਨਮਦਿਨ ‘ਤੇ ਵਿਸ਼ੇਸ਼ : ਗੁਰਭਜਨ ਗਿੱਲ
ਲੁਧਿਆਣਾ, 15 ਮਈ (ਵਿਸ਼ਵ ਵਾਰਤਾ): ਲੁਧਿਆਣਾ ਵਿੱਚ ਜੰਮਿਆ, ਕਰਾਹ ਨਰਮੇ ਦੇ ਵੱਡੇ ਵਪਾਰੀ ਤਾਇਆ ਜੀ ਅਚਿੰਤ ਰਾਮ ਥਾਪਰ ਕੋਲ ਲਾਇਲਪੁਰ ਪਲ਼ਿਆ ਤੇ ਸ਼ਹੀਦ ਭਗਤ ਸਿੰਘ ਦਾ ਬਾਲ ਸਖਾ ਸਾਥੀ, ਇਕੱਠਿਆਂ ਪਹਿਲਾਂ ਡੀ ਏ ਵੀ ਸਕੂਲ ਲਾਹੌਰ ਤੇ ਮਗਰੋਂ ਨੈਸ਼ਨਲ ਕਾਲਜ ਲਾਹੌਰ ਤੀਕ ਪੜ੍ਹਿਆ, ਉਸ ਦੇ ਅੰਗ ਸੰਗ 23ਮਾਰਚ ਨੂੰ ਸ਼ਹੀਦ ਹੋਏ ਸੂਰਮੇ ਸ਼ਹੀਦ ਸੁਖਦੇਵ ਦਾ ਅੱਜ 120ਵਾਂ ਜਨਮ ਦਿਨ ਹੈ।
ਲੁਧਿਆਣਾ ਵਿੱਚ ਨੌ ਘਰਾ (ਚੌੜਾ ਬਾਜ਼ਾਰ) ਵਿੱਚ ਉਸ ਦਾ ਜੱਦੀ ਘਰ ਹੈ ਜਿੱਥੇ ਹਰ ਸਾਲ ਪਰਿਵਾਰ ਤੇ ਸ਼ੁਭ ਚਿੰਤਕ ਸੰਸਾਰ ਰਲ਼ ਕੇ ਸਮਾਗਮ ਰਚਾਉਂਦਾ ਹੈ। ਕੁਝ ਸਾਲ ਮੈਂ ਵੀ ਜਾਂਦਾ ਰਿਹਾਂ। ਹਰ ਸਾਲ ਭਾਵਨਾ ਇਹੀ ਹੁੰਦੀ ਹੈ ਕਿ ਸੂਰਮੇ ਨੂੰ ਘਰ ਪਹੁੰਚ ਕੇ ਸਿਜਦਾ ਕਰਾਂ।
ਸਾਡੇ ਸ਼ਹਿਰ ਲੁਧਿਆਣਾ ਵਿੱਚ ਜਨਮੇ ਇਸ ਕੌਮੀ ਸ਼ਹੀਦ ਨੂੰ ਚੇਤੇ ਕਰਨ ਲਈ ਭਾਰਤ ਨਗਰ ਸਥਿਤ ਸੀਨੀਅਰ ਸੈਕੰਡਰੀ ਸਕੂਲ ਦਾ ਨਾਮਕਰਨ ਵੀ ਇਸ ਸ਼ਹੀਦ ਦੇ ਨਾਮ ਤੇ ਹੈ। ਹਰ ਸਾਲ ਜਨਮ ਦਿਨ ਤੇ ਇਸ ਸੰਸਥਾ ਵਿੱਚ ਸਮਾਗਮ ਕਰਵਾਇਆ ਜਾਂਦਾ ਹੈ। ਬੱਚੇ ਗੀਤ ਗਾਉਂਦੇ ਹਨ। ਉੱਚੇ ਪੁਲ਼ ਤੇ ਤਿੰਨ ਸ਼ਹੀਦਾਂ ਭਗਤ ਸਿੰਘ, ਸੁਖਦੇਵ ਤੇ ਰਾਜਗੁਰੂ ਨੂੰ ਫੁੱਲਾਂ ਦੇ ਹਾਰ ਪਾਏ ਜਾਂਦੇ ਨੇ।
ਸਬੱਬ ਨਾਲ ਮੈਂ ਸ਼ਹੀਦ ਭਗਤ ਸਿੰਘ ਦੇ ਸਾਰੇ ਭਾਣਜੇ ਭਾਣਜੀਆਂ ਤੇ ਤਿੰਨ ਭਤੀਜਿਆਂ ਦੇ ਦਰਸ਼ਨ ਕਰ ਚੁੱਕਾ ਹਾਂ। ਸ਼ਹੀਦ ਸੁਖਦੇਵ ਦੇ ਭਤੀਜੇ ਭਾਰਤ ਭੂਸ਼ਨ ਨਾਲ ਮੁਲਾਕਾਤ ਰਹੀ ਹੈ। ਕੁਝ ਸਾਲ ਪਹਿਲਾਂ ਪੂਨਾ ਵਿੱਚ ਅਚਾਨਕ ਸ਼ਹੀਦ ਭਗਤ ਸਿੰਘ ਦੇ ਸਹਾਰਨਪੁਰ ਰਹਿੰਦੇ ਭਤੀਜੇ ਕਿਰਨਜੀਤ ਸਿੰਘ ਸੰਧੂ ਤੇ ਸ਼ਹੀਦ ਰਾਜਗੁਰੂ ਜੀ ਦੇ ਭਤੀਜੇ ਨਾਲ ਮੁਲਾਕਾਤ ਹੋਈ। ਮੈਂ ਦੋਹਾਂ ਨਾਲ ਬਗਲਗੀਰ ਹੋ ਕੇ ਫੋਟੋ ਵੀ ਖਿਚਵਾਈ। ਲੱਭ ਕੇ ਸਾਂਝੀ ਕਰਾਂਗਾ ਕਦੇ।
ਅੱਜ ਇਸ ਕਵਿਤਾ ਰਾਹੀਂ ਸੂਰਮੇ ਸ਼ਹੀਦ ਸੁਖਦੇਵ ਜੀ ਨੂੰ ਸਲਾਮ ਕਰਦਾ ਹਾਂ।
ਲੱਗਦੇ ਹੱਥ ਇਹ ਗੱਲ ਵੀ ਸੁਣ ਲਵੋ।
ਇਨ੍ਹਾਂ ਤਿੰਨ ਸੂਰਮਿਆਂ ਤੇ ਲਾਹੌਰ ਵਿੱਚ ਚੱਲੇ ਕੇਸ ਨੂੰ ਦੂਸਰੇ ਲਾਹੌਰ ਸਾਜ਼ਿਸ਼ ਕੇਸ ਦੇ ਰੂਪ ਵਿੱਚ ਜਾਣਿਆ ਜਾਂਦਾ ਹੈ। ਇਹ ਕੇਸ ਦਾ ਨਾਮ ਸੁਖਦੇਵ ਬਨਾਮ ਸਟੇਟ ਸੀ।
ਇਸ ਵੇਲੇ ਭੇਂਟ ਕਰਨ ਲਈ ਮੇਰੀ ਇਹ ਕਵਿਤਾ ਪ੍ਰਵਾਨ ਕਰੋ।
ਸੂਰਮਾ ਕਦੇ ਇਕੱਲ੍ਹਾ ਨਹੀਂ ਹੁੰਦਾ
ਸੂਰਮਾ ਕਦੇ ਇਕੱਲ੍ਹਾ ਨਹੀਂ ਹੁੰਦਾ,
ਉਸ ਦੇ ਪੈਰਾਂ ਹੇਠ ਧਰਤ ਹੁੰਦੀ ਹੈ,
ਕਦੇ ਨਾ ਡੋਲਣ ਵਾਲੀ ।
ਸਿਰ ਤੇ ਅੰਬਰ ਦਾ ਚੰਦੋਆ ਹੁੰਦਾ ।
ਚੰਨ ਤਾਰਿਆਂ ਜੜਤ ਸੂਰਜ ਮੰਡਲ ।
ਸੂਰਮਾ ਕਦੇ ਇਕੱਲ੍ਹਾ ਨਹੀਂ ਹੁੰਦਾ ।
ਉਸ ਨਾਲ ਤੁਰਦਾ ਇਤਿਹਾਸ ।
ਤਪੱਸਿਆ ਦੀ ਕੁਠਾਲੀ ‘ਚ,
ਇਹੀ ਬਣਦਾ ਆਤਮ ਵਿਸ਼ਵਾਸ ।
ਇਕੱਲਾ ਤਾਂ ਉਦੋਂ ਹੁੰਦਾ ਹੈ, ਜਦ ਅੰਦਰੋਂ ਡਰ ਜਾਂਦਾ ਹੈ ।
ਜਿਸਮ ਤੁਰਦਾ ਹੈ, ਪਰ ਅੰਦਰੋਂ ਮਰ ਜਾਂਦਾ ਹੈ ।
ਇਕੱਲ੍ਹੇ ਜਣੇ ਦਾ ਸੀਸ, ਤਲੀ ਤੇ ਕਦੇ ਨਹੀਂ ਟਿਕਦਾ ।
ਇਕੱਲ੍ਹਾ ਬੰਦਾ ਤਾਂ ਨਿੱਕੀਆਂ ਲੋੜਾਂ ਲਈ ਵਿਕਦਾ ।
ਵਿਕਾਊ ਮਾਲ
ਯੁੱਧ ਵਿੱਚ ਨਹੀਂ, ਮੰਡੀ ਵਿੱਚ ਜਾਂਦੇ, ਵਿਕਦੇ ਤੁਲਦੇ ।
ਫ਼ਰਜ਼ ਵਿਸਾਰ ਕੌਡੀਆਂ ਤੇ ਡੁੱਲ੍ਹਦੇ ।
ਜਿਹੜੇ ਸੱਚ ਦਾ ਮਾਰਗ ਭੁੱਲਦੇ ।
ਆਪਣੀ ਨਜ਼ਰ ‘ਚ ਆਪੇ ਰੁਲ਼ਦੇ ।
ਸੂਰਮਾ ਹਮੇਸ਼ ਹਿੱਕ ਤਾਣ ਖੜ੍ਹਦਾ ।
ਸਦਾ ਵਿਸ਼ਵਾਸ ਦੇ ਲਈ ਹਰ ਜਗ੍ਹਾ ਅੜਦਾ ।
ਪੈਂਤੜੇ ਬਗੈਰ ਐਵੇਂ ਅੰਨ੍ਹਾ ਹੋ ਨਹੀਂ ਲੜਦਾ ।
ਓਸ ਨਾਲ ਗੁਰੂ, ਅੱਗੇ ਜੋ ਵੀ ਆਵੇ ਝੜਦਾ ।
ਸਿਮਰੇ ਭਗੌਤੀ ਉਹ ਮੁਹਿੰਮੀਂ ਜਦੋਂ ਚੜ੍ਹਦਾ ।
ਸੂਰਮਾ ਕਦੇ ਇਕੱਲ੍ਹਾ ਨਹੀਂ ਹੁੰਦਾ ।
ਸੂਰਮੇ ਦਾ ਨਿਸ਼ਚਾ ਜਿੱਤ ਵੱਲ ਕਦਮ ਪੁੱਟਦਾ ।
ਹਾਰਦਾ ਨਾ ਹੁੱਟਦਾ, ਕਰੜਾ ਯਕੀਨ ਉਹਦਾ
ਕਦੇ ਵੀ ਨਾ ਟੁੱਟਦਾ ।
ਕੌਣ ਕਹਿੰਦਾ ਹੈ? ਸੂਰਮਾ ਕਦੇ ਵੀ
ਕਿਤੇ ਵੀ ਇਕੱਲਾ ।
ਸੂਰਮੇ ਦੀ ਤੇਗ ਦੀ ਧਾਰ,
ਜਦ ਕਦੇ ਰਣ ‘ਚ ਲਿਸ਼ਕਦੀ ਹੈ ।
ਬਿਜਲੀ ਤ੍ਰਭਕਦੀ ਹੈ ।
ਸੂਰਜ ਦੇਵੇ ਥਾਪੜਾ ਤੇ ਇੰਜ ਕਹੇ!
ਤੇਰੇ ਅੰਗ ਸੰਗ ਹਾਂ ਯੋਧਿਆ !
ਦੇ ਹਨ੍ਹੇਰ ਨੂੰ ਟੱਕਰ, ਮੈਂ ਹੁਣੇ ਆਇਆ ।
ਸਰਹੰਦ ਤੇ ਚਮਕੌਰ ਜਗਾ ਦੇ
ਕਰ ਕੇ ਹੱਲਾ ਭਾਰਾ ਓ ਸਿਰਦਾਰਾ ।
ਹੱਕ ਸੱਚ ਤੇ ਇਨਸਾਫ਼ ਲਈ ਤੂੰ ਬਣ ਦਸਮੇਸ਼ ਦੁਲਾਰਾ ।
ਕੌਣ ਕਹਿੰਦਾ? ਸੂਰਮਾ ਇਕੱਲ੍ਹਾ ਰਹਿ ਜਾਂਦਾ ਹੈ ।
ਸੂਰਮਾ ਕਦੇ ਇਕੱਲ੍ਹਾ ਨਹੀਂ ਹੁੰਦਾ ।
ਅਣਖ਼ ਦੀ ਰੋਟੀ ਕਣਕ ਤੋਂ ਕਿਤੇ ਸਵਾਦਲੀ
ਪਰ ਵਿਰਲਿਆਂ ਨੂੰ ਇਸ ਦੀ ਸ਼ਨਾਸ ਹੁੰਦੀ ਹੈ ।
ਇਕੱਲ੍ਹੀ ਸਿਰਫ਼ ਲਾਸ਼ ਹੁੰਦੀ ਹੈ ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























