Punjab Breaking: ਹਲਵਾਰਾ ਏਅਰਪੋਰਟ ‘ਤੇ ਅੱਜ ਪਹਿਲੀ ਫਲਾਈਟ ਹੋਈ ਲੈਂਡ, ਰੋਜ਼ਾਨਾ ਦੋ ਉਡਾਣਾਂ ਹੋਣਗੀਆਂ ਰਵਾਨਾ
ਹਲਵਾਰਾ, 15 ਮਈ 2026: ਲੁਧਿਆਣਾ ਦੇ ਹਲਵਾਰਾ ਹਵਾਈ ਅੱਡੇ ਤੋਂ ਉਡਾਣ ਸ਼ੁਰੂ ਹੋਣ ਦਾ ਪੰਜਾਬ ਵਾਸੀਆਂ ਦਾ ਸੁਪਨਾ ਅੱਜ ਪੂਰਾ ਹੋ ਗਿਆ ਹੈ। ਪਹਿਲੀ ਉਡਾਣ ਸਵੇਰੇ 7:05 ਵਜੇ ਹਲਵਾਰਾ ਹਵਾਈ ਅੱਡੇ ‘ਤੇ ਉਤਰੀ। ਇਹ ਫਲਾਈਟ ਦਿੱਲੀ ਤੋਂ ਆਈ ਸੀ। ਉੱਥੇ ਹੀ ਅੱਜ ਲੁਧਿਆਣਾ ਤੋਂ ਦਿੱਲੀ ਲਈ ਉਡਾਣ ਸਵੇਰੇ 7:55 ਵਜੇ ਰਵਾਨਾ ਹੋਈ।
ਦਿੱਲੀ ਤੋਂ ਜੋ ਪਹਿਲੀ ਉਡਾਨ ਆਈ ਸੀ ਉਸ ‘ਚ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਲਗਭਗ 60 ਯਾਤਰੀਆਂ ਨਾਲ ਦਿੱਲੀ ਤੋਂ ਏਅਰ ਇੰਡੀਆ ਦੀ ਉਡਾਣ ਰਾਹੀਂ ਲੁਧਿਆਣਾ ਪਹੁੰਚੇ। ਏਅਰ ਇੰਡੀਆ ਲੁਧਿਆਣਾ-ਹਲਵਾਰਾ ਹਵਾਈ ਅੱਡੇ ਤੋਂ ਰੋਜ਼ਾਨਾ ਦੋ ਉਡਾਣਾਂ ਚਲਾਏਗੀ। ਦਿੱਲੀ-ਲੁਧਿਆਣਾ ਉਡਾਣ ਵਿੱਚ 1.15 ਘੰਟੇ ‘ਚ ਸਫ਼ਰ ਤੈਅ ਹੋਵੇਗਾ। ਏਅਰਪੋਰਟ ਅਥਾਰਟੀ ਆਫ਼ ਇੰਡੀਆ ਦੇ ਅਨੁਸਾਰ, ਯਾਤਰੀਆਂ ਨੂੰ ਆਪਣੀ ਉਡਾਣ ਤੋਂ ਘੱਟੋ-ਘੱਟ 90 ਮਿੰਟ ਪਹਿਲਾਂ ਹਵਾਈ ਅੱਡੇ ‘ਤੇ ਪਹੁੰਚਣਾ ਪਵੇਗਾ। ਨਿਰਧਾਰਤ ਉਡਾਣ ਤੋਂ ਇੱਕ ਘੰਟਾ ਪਹਿਲਾਂ ਟਰਮੀਨਲ ਬੰਦ ਕਰ ਦਿੱਤਾ ਜਾਵੇਗਾ, ਅਤੇ ਉਸ ਤੋਂ ਬਾਅਦ ਕਿਸੇ ਨੂੰ ਵੀ ਅੰਦਰ ਜਾਣ ਦੀ ਇਜਾਜ਼ਤ ਨਹੀਂ ਹੋਵੇਗੀ।
ਪਹਿਲਾਂ, ਪੰਜਾਬ ਵਿੱਚ ਛੇ ਹਵਾਈ ਅੱਡੇ ਚੱਲ ਰਹੇ ਸਨ: ਸ੍ਰੀ ਗੁਰੂ ਰਾਮਦਾਸ ਜੀ ਹਵਾਈ ਅੱਡਾ ਅੰਮ੍ਰਿਤਸਰ, ਸ਼ਹੀਦ ਭਗਤ ਸਿੰਘ ਹਵਾਈ ਅੱਡਾ ਮੋਹਾਲੀ (ਚੰਡੀਗੜ੍ਹ), ਆਦਮਪੁਰ ਹਵਾਈ ਅੱਡਾ, ਬਠਿੰਡਾ ਹਵਾਈ ਅੱਡਾ, ਪਠਾਨਕੋਟ ਹਵਾਈ ਅੱਡਾ ਅਤੇ ਸਾਹਨੇਵਾਲ ਹਵਾਈ ਅੱਡਾ ਲੁਧਿਆਣਾ। ਹਾਲਾਂਕਿ, ਹਲਵਾਰਾ ਹਵਾਈ ਅੱਡਾ ਖੁੱਲ੍ਹਣ ਦੇ ਨਾਲ, ਸਾਹਨੇਵਾਲ ਹਵਾਈ ਅੱਡਾ ਬੰਦ ਹੋ ਜਾਵੇਗਾ। ਏਅਰਪੋਰਟ ਅਥਾਰਟੀ ਆਫ਼ ਇੰਡੀਆ ਨੇ ਆਪਣਾ ਸਾਰਾ ਸਟਾਫ਼ ਹਲਵਾਰਾ ਹਵਾਈ ਅੱਡੇ ‘ਤੇ ਤਬਦੀਲ ਕਰ ਦਿੱਤਾ ਹੈ। ਏਅਰ ਇੰਡੀਆ ਨੇ ਵੀ ਉੱਥੇ ਆਪਣਾ ਸਟਾਫ਼ ਤਾਇਨਾਤ ਕਰ ਦਿੱਤਾ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 1 ਫਰਵਰੀ, 2026 ਨੂੰ ਲੁਧਿਆਣਾ ਦੇ ਹਲਵਾਰਾ ਅੰਤਰਰਾਸ਼ਟਰੀ ਹਵਾਈ ਅੱਡੇ ਦਾ ਉਦਘਾਟਨ ਕੀਤਾ। ਪ੍ਰਧਾਨ ਮੰਤਰੀ ਨੇ ਜਲੰਧਰ ਤੋਂ ਵਰਚੁਅਲੀ ਹਵਾਈ ਅੱਡੇ ਦਾ ਉਦਘਾਟਨ ਕੀਤਾ। ਮੁੱਖ ਮੰਤਰੀ ਭਗਵੰਤ ਮਾਨ, ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰੀ ਰਾਮ ਮੋਹਨ ਨਾਇਡੂ, ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਅਤੇ ਰਾਜ ਸਭਾ ਮੈਂਬਰ ਰਜਿੰਦਰ ਗੁਪਤਾ ਹਲਵਾਰਾ ਹਵਾਈ ਅੱਡੇ ‘ਤੇ ਪਹੁੰਚੇ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























