National: ਕੇਂਦਰ ਨੇ ਵਾਈਸ ਐਡਮਿਰਲ ਕ੍ਰਿਸ਼ਨ ਸਵਾਮੀਨਾਥਨ ਨੂੰ ਲਾਇਆ ਜਲ ਸੈਨਾ ਦਾ ਨਵਾਂ ਮੁਖੀ
– ਕਾਰਜਕਾਲ 31 ਮਈ ਤੋਂ ਸ਼ੁਰੂ ਹੋਵੇਗਾ
– ਦਸੰਬਰ, 2028 ਤੱਕ ਰਹਿਣਗੇ ਅਹੁਦੇ ‘ਤੇ ਤਾਇਨਾਤ
ਨਵੀਂ ਦਿੱਲੀ, 9 ਮਈ 2026 – ਭਾਰਤ ਸਰਕਾਰ ਨੇ ਫੌਜੀ ਲੀਡਰਸ਼ਿਪ ਦੇ ਅੰਦਰ ਮਹੱਤਵਪੂਰਨ ਨਿਯੁਕਤੀਆਂ ਦਾ ਐਲਾਨ ਕੀਤਾ ਹੈ। ਵਾਈਸ ਐਡਮਿਰਲ ਕ੍ਰਿਸ਼ਨ ਸਵਾਮੀਨਾਥਨ ਨੂੰ ਭਾਰਤੀ ਜਲ ਸੈਨਾ ਦਾ ਅਗਲਾ ਮੁਖੀ ਨਿਯੁਕਤ ਕੀਤਾ ਗਿਆ ਹੈ। ਉਹ 31 ਮਈ ਨੂੰ ਆਪਣਾ ਨਵਾਂ ਅਹੁਦਾ ਸੰਭਾਲਣਗੇ ਅਤੇ 31 ਦਸੰਬਰ, 2028 ਤੱਕ ਇਸ ਅਹੁਦੇ ਦੀ ਸੇਵਾ ਨਿਭਾਉਣਗੇ। ਦੱਸ ਦਈਏ ਕਿ ਵਾਈਸ ਐਡਮਿਰਲ ਸਵਾਮੀਨਾਥਨ ਇਸ ਸਮੇਂ ਮੁੰਬਈ ਵਿੱਚ ਪੱਛਮੀ ਜਲ ਸੈਨਾ ਕਮਾਂਡ ਦੇ ਕਮਾਂਡਰ ਹਨ। ਸਵਾਮੀਨਾਥਨ 1 ਜੁਲਾਈ, 1987 ਨੂੰ ਭਾਰਤੀ ਜਲ ਸੈਨਾ ਵਿੱਚ ਸ਼ਾਮਲ ਹੋਏ। ਉਨ੍ਹਾਂ ਨੂੰ ਸੰਚਾਰ ਅਤੇ ਇਲੈਕਟ੍ਰਾਨਿਕ ਯੁੱਧ ਵਿੱਚ ਮਾਹਰ ਮੰਨਿਆ ਜਾਂਦਾ ਹੈ।
ਸਵਾਮੀਨਾਥਨ ਨੇ ਨੈਸ਼ਨਲ ਡਿਫੈਂਸ ਅਕੈਡਮੀ (ਐਨ.ਡੀ.ਏ.), ਖੜਕਵਾਸਲਾ ਤੋਂ ਆਪਣੀ ਪੜ੍ਹਾਈ ਪੂਰੀ ਕੀਤੀ। ਉਨ੍ਹਾਂ ਨੇ ਯੂਕੇ ਵਿੱਚ ਜੁਆਇੰਟ ਸਰਵਿਸਿਜ਼ ਕਮਾਂਡ ਐਂਡ ਸਟਾਫ ਕਾਲਜ ਅਤੇ ਅਮਰੀਕਾ ਵਿੱਚ ਯੂਨਾਈਟਿਡ ਸਟੇਟਸ ਨੇਵਲ ਵਾਰ ਕਾਲਜ ਤੋਂ ਅੱਗੇ ਦੀ ਪੜ੍ਹਾਈ ਪੂਰੀ ਕੀਤੀ।
ਇਹ ਵੀ ਦੱਸ ਦਈਏ ਕਿ ਕੇਂਦਰ ਵੱਲੋਂ ਭਾਰਤੀ ਜਲ ਸੈਨਾ ਦੇ ਅਗਲੇ ਮੁਖੀ ਦੇ ਨਾਲ, ਇੱਕ ਨਵਾਂ ਚੀਫ਼ ਆਫ਼ ਡਿਫੈਂਸ ਸਟਾਫ਼ ਵੀ ਨਿਯੁਕਤ ਕੀਤਾ ਗਿਆ ਹੈ। ਸਰਕਾਰ ਨੇ ਸੇਵਾਮੁਕਤ ਲੈਫਟੀਨੈਂਟ ਜਨਰਲ ਐਨ.ਐਸ. ਰਾਜਾ ਸੁਬਰਾਮਣੀ ਨੂੰ ਦੇਸ਼ ਦਾ ਅਗਲਾ ਚੀਫ਼ ਆਫ਼ ਡਿਫੈਂਸ ਸਟਾਫ਼ (ਸੀਡੀਐਸ) ਨਿਯੁਕਤ ਕੀਤਾ ਗਿਆ ਹੈ। ਉਹ ਫੌਜੀ ਮਾਮਲਿਆਂ ਦੇ ਵਿਭਾਗ ਦੇ ਸਕੱਤਰ ਵਜੋਂ ਵੀ ਕੰਮ ਕਰਨਗੇ। ਮੌਜੂਦਾ ਸੀਡੀਐਸ, ਜਨਰਲ ਅਨਿਲ ਚੌਹਾਨ, 30 ਮਈ, 2026 ਨੂੰ ਆਪਣਾ ਕਾਰਜਕਾਲ ਪੂਰਾ ਕਰ ਰਹੇ ਹਨ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























